ਆਸਿਆਨ-ਭਾਰਤ ਸਿਖਰ ਸੰਮੇਲਨ ਨੂੰ ਆਨਲਾਈਨ ਸੰਬੋਧਨ ਕਰਨਗੇ ਮੋਦੀ
ਅਧਿਕਾਰਤ ਬਿਆਨ ਅਨੁਸਾਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ 27 ਅਕਤੂਬਰ ਨੂੰ ਕੁਆਲਾਲੰਪੁਰ ’ਚ 20ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਵੱਲੋਂ ਭਾਰਤ ਦੀ ਨੁਮਾਇੰਦਗੀ ਕਰਨਗੇ। ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦਾ ਸੰਗਠਨ (ਆਸਿਆਨ) ਇਸ ਖਿੱਤੇ ਦੇ ਸਭ ਤੋਂ ਪ੍ਰਭਾਵਸ਼ਾਲੀ ਸਮੂਹਾਂ ’ਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਭਾਰਤ, ਅਮਰੀਕਾ, ਚੀਨ, ਜਪਾਨ ਤੇ ਆਸਟਰੇਲੀਆ ਸਮੇਤ ਕਈ ਹੋਰ ਮੁਲਕ ਇਸ ਦੇ ਭਾਈਵਾਲ ਹਨ। ਆਸਿਆਨ ਮੈਂਬਰ ਮੁਲਕਾਂ ਤੋਂ ਇਲਾਵਾ ਪੂਰਬੀ ਏਸ਼ੀਆ ਸਿਖਰ ਸੰਮੇਲਨ ’ਚ ਭਾਰਤ, ਚੀਨ, ਜਪਾਨ, ਕੋਰੀਆ ਗਣਰਾਜ, ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ ਤੇ ਰੂਸ ਸ਼ਾਮਿਲ ਹਨ। ਆਸਿਆਨ ਦੀਆਂ ਮੀਟਿੰਗਾਂ ਕੁਆਲਾਲੰਪੁਰ ’ਚ 26 ਤੋਂ 28 ਅਕਤੂਬਰ ਤੱਕ ਹੋਣੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਕੁਝ ਸਾਲਾਂ ’ਚ ਆਸਿਆਨ-ਭਾਰਤ ਸਿਖਰ ਸੰਮੇਲਨ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ ’ਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਤੋਂ ਤੈਅ ਰੁਝੇਵਿਆਂ ਕਾਰਨ ਕੁਆਲਾਲੰਪੁਰ ਦੀ ਯਾਤਰਾ ਨਹੀਂ ਕਰ ਰਹੇ ਹਨ।
ਟਰੰਪ ਤੋਂ ਬਚ ਰਹੇ ਨੇ ਮੋਦੀ: ਕਾਂਗਰਸ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਿਆਨ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਮਲੇਸ਼ੀਆ ਨਹੀਂ ਜਾ ਰਹੇ ਕਿਉਂਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਤਨਜ਼ ਕਸਿਆ ਕਿ ਪ੍ਰਧਾਨ ਮੰਤਰੀ ਸ਼ਾਇਦ ਬੌਲੀਵੁੱਡ ਦਾ ਮਸ਼ਹੂਰ ਗੀਤ ‘ਬਚ ਕੇ ਰਹਿਨਾ ਰੇ ਬਾਬਾ’ ਯਾਦ ਕਰ ਰਹੇ ਹੋਣਗੇ। ਉਨ੍ਹਾਂ ਐਕਸ ’ਤੇ ਕਿਹਾ, ‘‘ਪਿਛਲੇ ਕਈ ਦਿਨਾਂ ਤੋਂ ਕਿਆਸਰਾਈਆਂ ਸਨ ਕਿ ਪ੍ਰਧਾਨ ਮੰਤਰੀ ਮੋਦੀ ਕੁਆਲਾਲੰਪੁਰ ਸੰਮੇਲਨ ’ਚ ਜਾਣਗੇ ਜਾਂ ਨਹੀਂ? ਹੁਣ ਇਹ ਤੈਅ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਉੱਥੇ ਨਹੀਂ ਜਾਣਗੇ।’’ ਉਨ੍ਹਾਂ ਵਿਅੰਗ ਕਰਦਿਆਂ ਕਿਹਾ, ‘‘ਇਸ ਦਾ ਮਤਲਬ ਹੈ ਕਿ ਕਈ ਆਲਮੀ ਆਗੂਆਂ ਨੂੰ ਗਲੇ ਮਿਲਣ, ਫੋਟੋ ਖਿਚਵਾਉਣ ਤੇ ਖੁਦ ਨੂੰ ਵਿਸ਼ਵ ਗੁਰੂ ਦੱਸਣ ਦੇ ਮੌਕੇ ਹੱਥੋਂ ਨਿਕਲ ਗਏ। ਉਂਝ, ਪ੍ਰਧਾਨ ਮੰਤਰੀ ਦੇ ਉੱਥੇ ਨਾ ਜਾਣ ਦੀ ਵਜ੍ਹਾ ਸਾਫ ਹੈ ਕਿ ਉਹ ਰਾਸ਼ਟਰਪਤੀ ਟਰੰਪ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਜੋ ਉੱਥੇ ਮੌਜੂਦ ਹੋਣਗੇ। ਉਨ੍ਹਾਂ ਕੁਝ ਹਫ਼ਤੇ ਪਹਿਲਾਂ ਮਿਸਰ ’ਚ ਗਾਜ਼ਾ ਸ਼ਾਂਤੀ ਸਿਖਰ ਸੰਮੇਲਨ ’ਚ ਸ਼ਾਮਿਲ ਹੋਣ ਦਾ ਸੱਦਾ ਵੀ ਇਸੇ ਕਾਰਨ ਠੁਕਰਾ ਦਿੱਤਾ ਸੀ।’’
