ਮੋਦੀ ਚੰਗਾ ਦੋਸਤ, ਅਗਲੇ ਸਾਲ ਭਾਰਤ ਦਾ ਦੌਰਾ ਕਰ ਸਕਦਾਂ: ਟਰੰਪ
ਭਾਰਤ ਵੱਲੋਂ ਰੂਸੀ ਤੇਲ ਦੀ ਖ਼ਰੀਦ ਬੰਦ ਕਰਨ ਦਾ ਕੀਤਾ ਦਾਅਵਾ
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਭਾਰਤ ਦਾ ਦੌਰਾ ਕਰ ਸਕਦੇ ਹਨ। ਉਨ੍ਹਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਚੰਗਾ ਦੋਸਤ ਅਤੇ ‘ਮਹਾਨ ਸ਼ਖ਼ਸ’ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਚਾਹੁੰਦੇ ਹਨ ਕਿ ਉਹ ਭਾਰਤ ਦਾ ਦੌਰਾ ਕਰਨ; ਵਪਾਰ ਸਮਝੌਤੇ ਬਾਰੇ ਭਾਰਤ ਨਾਲ ਗੱਲਬਾਤ ‘ਚੰਗੀ ਚੱਲ ਰਹੀ ਹੈ’ ਅਤੇ ਭਾਰਤ ਨੇ ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਮੇਰੇ ਚੰਗੇ ਦੋਸਤ ਹਨ ਅਤੇ ਅਸੀਂ ਆਪਸ ’ਚ ਗੱਲਬਾਤ ਵੀ ਕਰਦੇ ਹਾਂ। ਉਹ ਚਾਹੁੰਦੇ ਹਨ ਕਿ ਮੈਂ ਭਾਰਤ ਆਵਾਂ। ਅਸੀਂ ਇਸ ਬਾਰੇ ਪ੍ਰੋਗਰਾਮ ਤੈਅ ਕਰਾਂਗੇ। ਮੈਂ ਭਾਰਤ ਜ਼ਰੂਰ ਜਾਵਾਂਗਾ।’’ ਜ਼ਿਕਰਯੋਗ ਹੈ ਕਿ ਭਾਰਤ ਅਗਲੇ ਸਾਲ ਕੁਆਡ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਅਤੇ ਸ੍ਰੀ ਟਰੰਪ ਉਸ ’ਚ ਸ਼ਾਮਲ ਹੋ ਸਕਦੇ ਹਨ। ਉਂਝ, ਨਵੀਂ ਦਿੱਲੀ ’ਚ ਹੋਣ ਵਾਲੇ ਸੰਮੇਲਨ ਦੀਆਂ ਤਰੀਕਾਂ ਦਾ ਹਾਲੇ ਐਲਾਨ ਨਹੀਂ ਹੋਇਆ ਹੈ। ਉਨ੍ਹਾਂ ਦੁਹਰਾਇਆ ਕਿ ਉਨ੍ਹਾਂ ਟੈਰਿਫਾਂ ਦਾ ਡਰਾਵਾ ਦਿਖਾ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾਈ ਸੀ, ਇਸ ਟਕਰਾਅ ਦੌਰਾਨ ਅੱਠ ਜਹਾਜ਼ ਵੀ ਡਿੱਗੇ ਸਨ।
Advertisement
ਲੁਟਨਿਕ ਨੇ ਟਰੰਪ ਦੀ ਟੈਰਿਫ ਨੀਤੀ ਦਾ ਬਚਾਅ ਕੀਤਾ
ਵਾਸ਼ਿੰਗਟਨ: ਅਮਰੀਕਾ ਦੇ ਵਣਜ ਮੰਤਰੀ ਹਾਵਰਡ ਲੁਟਨਿਕ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੱਲ ਮਨਵਾਉਣ ਲਈ ਟੈਰਿਫ ਦੀ ਵਰਤੋਂ ਕੂਟਨੀਤਕ ਹਥਿਆਰ ਵਜੋਂ ਕਰਕੇ ਭਾਰਤ ਨੂੰ ਰੂਸੀ ਤੇਲ ਖ਼ਰੀਦਣ ਤੋਂ ਰੋਕਿਆ ਤਾਂ ਜੋ ਯੂਕਰੇਨ ਜੰਗ ਨੂੰ ਖ਼ਤਮ ਕਰਨ ’ਚ ਸਹਾਇਤਾ ਮਿਲ ਸਕੇ। ਉਨ੍ਹਾਂ ਟਰੰਪ ਵੱਲੋਂ ਟੈਰਿਫ ਤਾਕਤ ਦੀ ਵਰਤੋਂ ਦਾ ਉਸ ਸਮੇਂ ਬਚਾਅ ਕੀਤਾ ਜਦੋਂ ਸੁਪਰੀਮ ਕੋਰਟ ’ਚ ਇਸ ਦੀ ਵਾਜਬੀਅਤ ਬਾਰੇ ਸੁਣਵਾਈ ਚੱਲ ਰਹੀ ਹੈ।
Advertisement
