ਮਮਤਾ ਵੱਲੋਂ ਢਿੱਗਾਂ ਡਿੱਗਣ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ
ਪੀੜਤਾਂ ਨਾਲ ਮੁਲਾਕਾਤ; ਰਾਹਤ ਕਾਰਜਾਂ ਦਾ ਜਾਇਜ਼ਾ ਲਿਆ
Advertisement
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ ਦਾਰਜੀਲਿੰਗ ਦੇ ਮਿਰਿਕ ਖੇਤਰ ਦਾ ਦੌਰਾ ਕੀਤਾ ਤੇ ਪੀੜਤਾਂ ਨਾਲ ਮੁਲਾਕਾਤ ਕੀਤੀ। ਬੀਤੇ ਦਿਨੀਂ ਢਿੱਗਾਂ ਡਿੱਗਣ ਕਾਰਨ ਇੱਥੇ 32 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਵਿੱਚੋਂ 27 ਇਕੱਲੇ ਮਿਰਿਕ ਦੇ ਸਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਕੁਦਰਤੀ ਕਹਿਰ ਮਗਰੋਂ ਮਮਤਾ ਦਾ ਇਹ ਦੂਜਾ ਦੌਰਾ ਹੈ। ਉਨ੍ਹਾਂ ਸੀਨੀਅਰ ਅਧਿਕਾਰੀਆਂ ਨਾਲ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਤੇ ਪੀੜਤਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਸਰਕਾਰ ਉੱਤਰੀ ਬੰਗਾਲ ਵਿੱਚ 24 ਘੰਟੇ ਰਾਹਤ ਕਾਰਜਾਂ ਨੂੰ ਯਕੀਨੀ ਬਣਾ ਰਹੀ ਹੈ। ਭਾਰੀ ਮੀਂਹ ਮਗਰੋਂ ਉੱਤਰੀ ਬੰਗਾਲ ਵਿੱਚ ਹੜ੍ਹ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਦਾ ਉਹ ਨਿੱਜੀ ਤੌਰ ’ਤੇ ਜਾਇਜ਼ਾ ਲੈ ਰਹੇ ਹਨ ਤੇ ਮੁੜ ਵਸੇਬੇ ਦੇ ਰਾਹਤ ਕਾਰਜਾਂ ਦੀ ਵੀ ਸਮੀਖਿਆ ਕਰ ਰਹੇ ਹਨ। ਮੁੱਖ ਮੰਤਰੀ ਵੱਲੋਂ ਮਿਰਿਕ ਤੋਂ ਇਲਾਵਾ ਹਾਲ ਹੀ ਵਿੱਚ ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ ਹੋਰ ਖੇਤਰਾਂ ਦਾ ਵੀ ਦੌਰਾ ਕੀਤਾ ਗਿਆ। ਮੁੱਖ ਮੰਤਰੀ ਨੇ ਵੱਖ-ਵੱਖ ਥਾਵਾਂ ’ਤੇ ਰਾਹਤ ਕੈਂਪਾਂ ਵਿੱਚ ਨਿਵਾਸੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਭੋਜਨ ਤੇ ਹੋਰ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕੁਦਰਤੀ ਆਫ਼ਤ ਕਾਰਨ ਨੁਕਸਾਨੇ ਘਰਾਂ ਦੇ ਪੀੜਤਾਂ ਨੂੰ ਮੁੜ ਵਸੇਬੇ ਲਈ ਸਰਕਾਰ ਵੱਲੋਂ 1.2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
Advertisement
Advertisement