ਇਜ਼ਰਾਈਲ ਵੱਲੋਂ ਗਾਜ਼ਾ ’ਤੇ ਮੁੜ ਹਮਲੇ
ਗਾਜ਼ਾ ’ਚ ਕੁਝ ਦਿਨਾਂ ਦੀ ਸ਼ਾਂਤੀ ਮਗਰੋਂ ਐਤਵਾਰ ਨੂੰ ਇਜ਼ਰਾਇਲੀ ਫ਼ੌਜ ਨੇ ਮੁੜ ਹਮਲੇ ਸ਼ੁਰੂ ਕਰ ਦਿੱਤੇ। ਇਨ੍ਹਾਂ ਹਮਲਿਆਂ ਕਾਰਨ ਗੋਲੀਬੰਦੀ ਦਾ ਸਮਝੌਤਾ ਟੁੱਟਣ ਦਾ ਖ਼ਦਸ਼ਾ ਹੈ।
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜਬਾਲੀਆ ਇਲਾਕੇ ’ਚ ਹਵਾਈ ਹਮਲੇ ਦੌਰਾਨ 11 ਫਲਸਤੀਨੀ ਮਾਰੇ ਗਏ। ਗਾਜ਼ਾ ’ਚ ਫਲਸਤੀਨੀਆਂ ਨੇ ਕਿਹਾ ਕਿ ਹਵਾਈ ਹਮਲੇ ਰਾਫਾਹ ’ਚ ਹੋਏ ਹਨ। ਕੁਝ ਲੋਕਾਂ ਨੇ ਕਿਹਾ ਕਿ ਖਾਨ ਯੂਨਿਸ ਨੇੜੇ ਅੱਬਾਸਾਂ ਕਸਬੇ ’ਚ ਇਜ਼ਰਾਇਲੀ ਟੈਂਕਾਂ ਨੇ ਭਾਰੀ ਗੋਲਾਬਾਰੀ ਕੀਤੀ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਦੇ ਜਵਾਨਾਂ ’ਤੇ ਕੁਝ ‘ਅਤਿਵਾਦੀਆਂ’ ਨੇ ਹਮਲੇ ਕੀਤੇ ਹਨ ਜਿਸ ਦੇ ਜਵਾਬ ’ਚ ਇਹ ਕਾਰਵਾਈ ਕੀਤੀ ਗਈ ਹੈ। ਫਲਸਤੀਨੀ ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਇਲੀ ਫ਼ੌਜ ਗੋਲੀਬੰਦੀ ਦਾ ਸਮਝੌਤਾ ਹੋਣ ਮਗਰੋਂ 47 ਵਾਰ ਉਸ ਦੀ ਉਲੰਘਣਾ ਕਰ ਚੁੱਕੀ ਹੈ ਜਿਸ ਦੌਰਾਨ 38 ਮੌਤਾਂ ਹੋ ਚੁੱਕੀਆਂ ਹਨ ਅਤੇ 143 ਜ਼ਖ਼ਮੀ ਹੋਏ ਹਨ।
ਹਮਾਸ ਦੇ ਸੀਨੀਅਰ ਅਧਿਕਾਰੀ ਇੱਜ਼ਤ ਅਲ ਰਿਸ਼ੇਕ ਨੇ ਕਿਹਾ ਹੈ ਕਿ ਹਮਾਸ ਗੋਲੀਬੰਦੀ ਦਾ ਸਮਝੌਤਾ ਬਹਾਲ ਰੱਖਣ ਲਈ ਵਚਨਬੱਧ ਹੈ। ਇਸ ਦੌਰਾਨ ਇਜ਼ਰਾਈਲ ਨੇ ਕਿਹਾ ਕਿ ਗਾਜ਼ਾ ਅਤੇ ਮਿਸਰ ਵਿਚਕਾਰ ਰਾਫਾਹ ਸਰਹੱਦੀ ਲਾਂਘਾ ਅਗਲੇ ਹੁਕਮਾਂ ਤੱਕ ਬੰਦ ਰਹੇਗਾ। ਇਜ਼ਰਾਈਲ ਨੇ ਐਤਵਾਰ ਨੂੰ ਰਾਫਾਹ ਸਰਹੰਦੀ ਲਾਂਘਾ ਨਹੀਂ ਖੋਲ੍ਹਿਆ ਤਾਂ ਜੋ ਹਮਾਸ ’ਤੇ ਹੋਰ ਬੰਦੀਆਂ ਦੀਆਂ ਦੇਹਾਂ ਮੋੜਨ ਲਈ ਦਬਾਅ ਪਾਇਆ ਜਾ ਸਕੇ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਉਸ ਕੋਲ ਇਸ ਗੱਲ ਦੀਆਂ ਪੁਖ਼ਤਾ ਰਿਪੋਰਟਾਂ ਹਨ ਕਿ ਹਮਾਸ ਗਾਜ਼ਾ ’ਚ ਫਲਸਤੀਨੀਆਂ ’ਤੇ ਹਮਲਾ ਕਰ ਕੇ ਗੋਲੀਬੰਦੀ ਦੀ ਉਲੰਘਣਾ ਕਰ ਸਕਦਾ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਾਹੂ ਨੇ ਸੁਰੱਖਿਆ ਮੁਖੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਅਤੇ ਫ਼ੌਜ ਨੂੰ ਕਿਸੇ ਵੀ ਗੋਲੀਬੰਦੀ ਦੀ ਉਲੰਘਣਾ ਖ਼ਿਲਾਫ਼ ਤਿੱਖੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਉਂਝ ਹਮਾਸ ਨੇ ਕਿਹਾ ਹੈ ਕਿ ਰਾਫਾਹ ’ਚ ਝੜਪਾਂ ਨਾਲ ਉਸ ਦਾ ਕੁਝ ਵੀ ਲੈਣਾ-ਦੇਣਾ ਨਹੀਂ ਹੈ।
ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਇਜ਼ਰਾਈਲ ਨੇ ਹਮਾਸ ਵੱਲੋਂ ਦੋ ਬੰਦੀਆਂ ਦੀਆਂ ਦੇਹਾਂ ਦੀ ਪਛਾਣ ਕੀਤੀ ਅਤੇ ਫਲਸਤੀਨੀ ਜਥੇਬੰਦੀ ਨੇ ਕਿਹਾ ਕਿ ਗੋਲੀਬੰਦੀ ਸਮਝੌਤੇ ਦੀਆਂ ਸ਼ਰਤਾਂ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਹਮਾਸ ਨੇ ਕਿਹਾ ਕਿ ਵਿਚੋਲਿਆਂ ਨਾਲ ਗੋਲੀਬੰਦੀ ਦੇ ਦੂਜੇ ਪੜਾਅ ਦੀ ਵਾਰਤਾ ਸ਼ੁਰੂ ਹੋ ਗਈ ਹੈ।