ਭਾਰਤ ਨੂੰ ਅਗਲੇ ਸਾਲ ਮਿਲੇਗਾ ਬਕਾਇਆ ਐੱਸ-400 ਮਿਜ਼ਾਈਲ ਸਿਸਟਮ: ਰੂਸ
ਅਜੈ ਬੈਨਰਜੀ
ਨਵੀਂ ਦਿੱਲੀ, 2 ਜੂਨ
ਅਪਰੇਸ਼ਨ ਸਿੰਧੂਰ ਦੌਰਾਨ ਰੂਸ ’ਚ ਬਣੀ ਐੱਸ-400 ਹਵਾਈ ਰੱਖਿਆ ਪ੍ਰਣਾਲੀ ਵੱਲੋਂ ਆਪਣੀ ਸਮਰੱਥਾ ਸਾਬਤ ਕਰਨ ਤੋਂ ਚਾਰ ਹਫ਼ਤਿਆਂ ਬਾਅਦ ਮਾਸਕੋ ਨੇ ਭਾਰਤ ਨੂੰ ਇਸ ਰੱਖਿਆ ਪ੍ਰਣਾਲੀ ਦੀਆਂ ਬਾਕੀ ਇਕਾਈਆਂ ਸੌਂਪਣ ਦੀ ਪ੍ਰਤੀਬੱਧਤਾ ਜ਼ਾਹਿਰ ਕੀਤੀ ਹੈ।
ਭਾਰਤ ’ਚ ਰੂਸੀ ਮਿਸ਼ਨ ਦੇ ਉਪ ਮੁਖੀ ਰੋਮਨ ਬਾਕੁਸ਼ਕਿਨ ਨੇ ਇੱਥੇ ਇੱਕ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਹਿੰਦੀਆਂ ਦੋ ਐੱਸ-400 ਇਕਾਈਆਂ ਲਈ ਸਮਝੌਤਾ ਪ੍ਰਗਤੀ ’ਤੇ ਹੈ ਅਤੇ ਇਨ੍ਹਾਂ ਦੀ ਸਪਲਾਈ ਜਨਤਕ ਤੌਰ ’ਤੇ ਐਲਾਨੀ ਸਮਾਂ-ਸੀਮਾ ਅਨੁਸਾਰ 2025-26 ਤੱਕ ਪੂਰੀ ਹੋਣ ਦੀ ਆਸ ਹੈ। ਉਨ੍ਹਾਂ ਭਾਰਤ ਨਾਲ ਦੁਵੱਲਾ ਰੱਖਿਆ ਸਹਿਯੋਗ ਵਧਾਉਣ ਦੇ ਵੀ ਸੰਕੇਤ ਦਿੱਤੇ। ਉਨ੍ਹਾਂ ਕਿਹਾ, ‘ਅਸੀਂ ਇਸ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਤਿਆਰ ਹਾਂ।’ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਭਾਰਤ ਯਾਤਰਾ ਬਾਰੇ ਉਨ੍ਹਾਂ ਕਿਹਾ ਕਿ ਉਹ ਇਸੇ ਮਹੀਨੇ ਇੱਥੇ ਆ ਸਕਦੇ ਹਨ ਪਰ ਅਜੇ ਪੱਕੀ ਤਰੀਕ ਤੈਅ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਭਾਰਤ ਨੇ 2018 ’ਚ ਪੰਜ ਐੱਸ-400 ਮਿਜ਼ਾਈਲ ਪ੍ਰਣਾਲੀਆਂ ਖਰੀਦਣ ਲਈ ਰੂਸ ਨਾਲ 5.43 ਅਰਬ ਡਾਲਰ ਦਾ ਸਮਝੌਤਾ ਕੀਤਾ ਸੀ। ਇਨ੍ਹਾਂ ’ਚੋਂ ਤਿੰਨ ਪ੍ਰਣਾਲੀਆਂ ਭਾਰਤ ਨੂੰ ਮਿਲ ਚੁੱਕੀਆਂ ਹਨ, ਜਿਨ੍ਹਾਂ ’ਚੋਂ ਇੱਕ ਪੰਜਾਬ ਦੇ ਆਦਮਪੁਰ ’ਚ ਤਾਇਨਾਤ ਸੀ।
ਇਸੇ ਦੌਰਾਨ ਰੂਸ ਦੇ ਭਾਰਤ ’ਚ ਵਪਾਰ ਕਮਿਸ਼ਨਰ ਆਂਦਰੇ ਸੋਬੋਲੇਵ ਨੇ ਕਿਹਾ ਕਿ ਭਾਰਤ ਅਤੇ ਮਾਸਕੋ ਦੀ ਅਗਵਾਈ ਹੇਠਲੀ ਯੂਰੇਸ਼ਿਆਈ ਆਰਥਿਕ ਯੂਨੀਅਨ (ਈਈਯੂ) ਵਿਚਾਲੇ ਮੁਕਤ ਵਪਾਰ ਸਮਝੌਤੇ ਬਾਰੇ ਵਾਰਤਾ ਇਸ ਸਾਲ ਸ਼ੁਰੂ ਹੋ ਸਕਦੀ ਹੈ।
ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਮੰਤਰੀ ਪਰਿਸ਼ਦ ਦੀ ਮੀਟਿੰਗ ਭਲਕੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਜੂਨ ਨੂੰ ਕੇਂਦਰੀ ਮੰਤਰੀ ਪਰਿਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਜੋ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ’ਚ ਅਪਰੇਸ਼ਨ ਸਿੰਧੂਰ ਤਹਿਤ ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਫੌਜੀ ਕਾਰਵਾਈ ਤੋਂ ਬਾਅਦ ਪਹਿਲੀ ਮੀਟਿੰਗ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਮੰਤਰੀਆਂ ਨਾਲ ਇਸ ਮੁਹਿੰਮ ਦੇ ਵੇਰਵੇ ਸਾਂਝੇ ਕੀਤੇ ਜਾਣ ਦੀ ਸੰਭਾਵਨਾ ਹੈ। ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਮੌਕੇ ਅਗਲੇ ਹਫ਼ਤੇ ਸ਼ੁਰੂ ਹੋ ਰਹੇ ਹਾਕਮ ਧਿਰ ਭਾਜਪਾ ਦੇ ਪ੍ਰੋਗਰਾਮਾਂ ’ਚ ਵੀ ਇਸ ਬਾਰੇ ਚਰਚਾ ਹੋਣ ਦੀ ਉਮੀਦ ਹੈ। ਅਪਰੇਸ਼ਨ ਸਿੰਧੂਰ ਬਾਰੇ ਬੋਲਣ ਤੋਂ ਇਲਾਵਾ ਪ੍ਰਧਾਨ ਮੰਤਰੀ ਮੀਟਿੰਗ ਦੌਰਾਨ ਆਪਣੇ ਸ਼ਾਸਨ ਦੀਆਂ ਮੁਕੰਮਲ ਪ੍ਰਾਪਤੀਆਂ ’ਤੇ ਜ਼ੋਰ ਦੇ ਸਕਦੇ ਹਨ ਕਿਉਂਕਿ ਪਾਰਟੀ ਦੇ ਮੰਤਰੀ ਵਰ੍ਹੇਗੰਢ ਸਮਾਗਮਾਂ ਦੌਰਾਨ ਦੇਸ਼ ਭਰ ਦੇ ਲੋਕਾਂ ਨਾਲ ਸੰਵਾਦ ਰਚਾਉਣ ਦੀ ਤਿਆਰੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਹਾਲੀਆਂ ਭਾਸ਼ਣਾਂ ’ਚ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ’ਚ ਨੌਂ ਅਤਿਵਾਦੀ ਟਿਕਾਣਿਆਂ ’ਤੇ ਭਾਰਤ ਵੱਲੋਂ ਕੀਤੇ ਗਏ ਹਮਲਿਆਂ ਅਤੇ ਉਸ ਤੋਂ ਬਾਅਦ ਗੁਆਂਢੀ ਮੁਲਕ ਦੇ ਫੌਜੀ ਟਿਕਾਣਿਆਂ, ਖਾਸ ਤੌਰ ’ਤੇ ਹਵਾਈ ਟਿਕਾਣਿਆਂ ’ਤੇ ਜਵਾਬੀ ਹਮਲਿਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਹੈ। ਉਨ੍ਹਾਂ ਅਪਰੇਸ਼ਨ ਸਿੰਧੂਰ ਤਹਿਤ ਪਾਕਿਸਤਾਨ ਨਾਲ ਜੁੜੀਆਂ ਅਤਿਵਾਦੀ ਗਤੀਵਿਧੀਆਂ ਨੂੰ ਸਜ਼ਾ ਦੇਣ ਨੂੰ ਭਾਰਤ ਦੀ ‘ਨਵੀਂ ਨੀਤੀ’ ਵਜੋਂ ਪੇਸ਼ ਕੀਤਾ ਤੇ ਭਵਿੱਖ ’ਚ ਭਾਰਤੀ ਧਰਤੀ ’ਤੇ ਕਿਸੇ ਵੀ ਅਤਿਵਾਦੀ ਘਟਨਾ ’ਚ ਅਤਿਵਾਦੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਐਲਾਨ ਕੀਤਾ। -ਪੀਟੀਆਈ