ਭਾਰਤ ਨੇ ਤਾਲਿਬਾਨ ਨਾਲ ਜੁੜਨ ਦਾ ਸੱਦਾ ਦਿੱਤਾ
ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਉਹ ਤਾਲਿਬਾਨ ਨਾਲ ਵਿਹਾਰਕ ਤੌਰ ’ਤੇ ਜੁੜਨ ਦਾ ਸੱਦਾ ਦਿੰਦਾ ਹੈ ਕਿਉਂਕਿ ਨਵੀਂ ਦਿੱਲੀ ਇਹ ਮੰਨਦੀ ਹੈ ਕਿ ਇਉਂ ਹੀ ਕਾਰੋਬਾਰੀ ਨਜ਼ਰੀਆ ਮਜ਼ਬੂਤ ਹੋਵੇਗਾ। ਅਫਗਾਨਿਸਤਾਨ ਦੇ ਹਾਲਾਤ ਬਾਰੇ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਰਾਜਦੂਤ ਪਰਵਤਨੇਨੀ ਹਰੀਸ਼ ਨੇ ਇਹ ਗੱਲ ਕਹੀ।
ਉਨ੍ਹਾਂ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਭਾਈਚਾਰੇ ਤੋਂ ਅਪੀਲ ਕਰਦਾ ਹੈ ਕਿ ਉਹ ਅਜਿਹੇ ਨੀਤੀਗਤ ਤਰੀਕੇ ਅਪਣਾਉਣ ਜਿਸ ਨਾਲ ਅਫਗਾਨਿਸਤਾਨ ਦੇ ਲੋਕਾਂ ਨੂੰ ਲਾਭ ਮਿਲੇ। ਕੌਮਾਂਤਰੀ ਭਾਈਚਾਰੇ ਨੂੰ ਤਾਲਿਬਾਨ ਨਾਲ ਜੁੜਨ ਦੀ ਚੰਗੀ ਨੀਤੀ ਦੇ ਸਕਾਰਾਤਮਕ ਪਹਿਲੂਆਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਉਨ੍ਹਾਂ ਅਫਗਾਨਿਸਤਾਨ ਦੇ ਲੋਕਾਂ ਦੀਆਂ ਵਿਕਾਸ ਲੋੜਾਂ ਪੂਰੀਆਂ ਕਰਨ ਦੀ ਭਾਰਤ ਦੀ ਵਚਨਬੱਧਤਾ ਵੀ ਦੁਹਰਾਈ। ਕਾਬੁਲ ਵਿੱਚ ਦਿੱਲੀ ਦੇ ਤਕਨੀਕ ਮਿਸ਼ਨ ਦਾ ਸਟੇਟਸ ਮੁੜ ਸਫਾਰਤਖਾਨੇ ਵਰਗਾ ਕਰਨ ਦਾ ਭਾਰਤ ਸਰਕਾਰ ਦਾ ਹਾਲ ਹੀ ਵਿੱਚ ਕੀਤਾ ਫੈਸਲਾ ਇਸੇ ਇਰਾਦੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਅਫਗਾਨ ਸਮਾਜ ਦੀਆਂ ਲੋੜਾਂ ਅਤੇ ਉਮੀਦਾਂ ਨੂੰ ਧਿਆਨ ਵਿੱਚ ਰੱਖਦਿਆਂ, ਅਫਗਾਨਿਸਤਾਨ ਦੇ ਵਿਕਾਸ, ਮਨੁੱਖੀ ਮਦਦ ਅਤੇ ਸਮਰਥਾ ਵਧਾਉਣ ਦੀਆਂ ਕੋਸ਼ਿਸਾਂ ਵਿੱਚ ਆਪਣਾ ਸਹਿਯੋਗ ਵਧਾਉਣ ਲਈ ਸਾਰੀਆਂ ਸਬੰਧਤ ਧਿਰਾਂ ਨਾਲ ਗੱਲਬਾਤ ਜਾਰੀ ਰੱਖਾਂਗੇ।’’ ਕਾਬਿਲੇ-ਗੌਰ ਹੈ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਕੀ ਅਕਤੂਬਰ ਵਿੱਚ ਛੇ ਦਿਨਾਂ ਦੌਰ ’ਤੇ ਭਾਰਤ ਆਏ ਸਨ।
