ਹਿਮਾਚਲ: ਭਾਰੀ ਮੀਂਹ ਕਾਰਨ ਊਨਾ ਦੇ ਕਈ ਇਲਾਕਿਆਂ ਵਿੱਚ ਹੜ੍ਹ
ਅਧਿਕਾਰੀਆਂ ਨੇ ਅੱਜ ਦੱਸਿਆ ਕਿ ਚੰਡੀਗੜ੍ਹ-ਧਰਮਸ਼ਾਲਾ ਕੌਮੀ ਸ਼ਾਹਰਾਹ ’ਤੇ ਵੀ ਕਈ ਥਾਵਾਂ ’ਤੇ ਹੜ੍ਹ ਆ ਗਏ। ਸਥਾਨਕ ਡਰਾਈਵਰਾਂ ਅਤੇ ਦੁਕਾਨਦਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਘਰਾਂ ਵਿੱਚ ਲਗਪਗ 10 ਫੁੱਟ ਤੱਕ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਘਰਾਂ ਦੀਆਂ ਛੱਤਾਂ ’ਤੇ ਚੜ੍ਹਨਾ ਪਿਆ। ਰਿਪੋਰਟਾਂ ਅਨੁਸਾਰ, ਇਸ ਹੜ੍ਹ ਵਰਗੀ ਸਥਿਤੀ ਦੇ ਨਤੀਜੇ ਵਜੋਂ ਉਦਯੋਗਿਕ ਖੇਤਰ, ਰਿਹਾਇਸ਼ੀ ਇਲਾਕਿਆਂ ਅਤੇ ਸਰਕਾਰੀ ਦਫ਼ਤਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਬਰਨੋਹ ਪਿੰਡ ਵਿੱਚ ਪਾਣੀ ਭਰ ਗਿਆ।
ਊਨਾ ਦੇ ਜ਼ਿਲ੍ਹਾ ਮੈਜਿਸਟਰੇਟ ਜਤਿਨ ਲਾਲ ਨੇ ਕਿਹਾ, ‘‘ਪਿਛਲੇ 12 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਆ ਗਏ ਹਨ ਅਤੇ ਸੜਕਾਂ ਬੰਦ ਹੋ ਗਈਆਂ ਹਨ। ਹੜ੍ਹ ਵਰਗੀ ਸਥਿਤੀ ਦੇ ਮੱਦੇਨਜ਼ਰ, ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।’’ ਜ਼ਿਲ੍ਹਾ ਮੈਜਿਸਟਰੇਟ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਹੰਗਾਮੀ ਹਾਲਾਤ ਵਿੱਚ ਜ਼ਿਲ੍ਹਾ ਆਫ਼ਤ ਪ੍ਰਬੰਧਨ ਕੰਟਰੋਲ ਸੈੱਲ ਦੇ ਟੌਲ-ਫ੍ਰੀ ਨੰਬਰ 1077 ’ਤੇ ਫੋਨ ਕਰਨ ਅਤੇ ਖੱਡਾਂ ਤੇ ਨਦੀਆਂ ਦੇ ਕੰਢਿਆਂ ’ਤੇ ਜਾਣ ਤੋਂ ਬਚਣ।
ਇਸੇ ਤਰ੍ਹਾਂ ਬਿਆਸ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਵਿੱਚ ਹੜ੍ਹ ਆਏ ਹੋਏ ਹਨ। ਹਮੀਰਪੁਰ ਜ਼ਿਲ੍ਹੇ ਦੇ ਸੁਜਾਨਪੁਰ ਟਿਰਾ ਨੇੜੇ ਦਰਿਆ ’ਤੇ ਬਣੇ ਪੁਲ ਦੇ ਇੱਕ ਹਿੱਸੇ ਵਿੱਚ ਤਰੇੜਾਂ ਆ ਗਈਆਂ ਹਨ। ਇਸ ਤੋਂ ਇਲਾਵਾ, ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਹੋਣ ਕਾਰਨ ਸੁਜਾਨਪੁਰ ਟਿਰਾ ਅਤੇ ਖੈਰੀ ਨੇੜੇ ਸੰਧੋਲ ਵਿਚਾਲੇ ਸੜਕ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। -ਪੀਟੀਆਈ
ਕੁੱਲ 387 ਸੜਕਾਂ ਆਵਾਜਾਈ ਲਈ ਬੰਦ
ਹਿਮਾਚਲ ਪ੍ਰਦੇਸ਼ ਵਿੱਚ ਅੱਜ ਕੁੱਲ 387 ਸੜਕਾਂ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ। ਇਨ੍ਹਾਂ ਵਿੱਚ ਚਾਰ ਕੌਮੀ ਸ਼ਾਹਰਾਹ ਚੰਡੀਗੜ੍ਹ-ਮਨਾਲੀ (ਐੱਨਐੱਚ 21), ਮਨਾਲੀ-ਲੇਹ (ਐੱਨਐੱਚ 3), ਔਟ-ਲੁਹਰੀ (ਐੱਨਐੱਚ 305) ਅਤੇ ਖਾਬ-ਗ੍ਰਾਮਫੂ (ਐੱਨਐੱਚ 505) ਸ਼ਾਮਲ ਸਨ। ਸਭ ਤੋਂ ਵੱਧ 187 ਸੜਕਾਂ ਆਫ਼ਤ ਪ੍ਰਭਾਵਿਤ ਮੰਡੀ ਜ਼ਿਲ੍ਹੇ ਵਿੱਚ ਬੰਦ ਹਨ। ਉਸ ਤੋਂ ਬਾਅਦ ਕੁੱਲੂ ਵਿੱਚ 69 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਰਾਜ ਭਰ ਵਿੱਚ 747 ਬਿਜਲੀ ਵੰਡ ਟਰਾਂਸਫਾਰਮਰ ਅਤੇ 249 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ।
ਉੱਤਰਾਖੰਡ: ਚਮੋਲੀ ਵਿੱਚ ਪਣਬਿਜਲੀ ਪ੍ਰਾਜੈਕਟ ਸਾਈਟ ’ਤੇ ਢਿੱਗਾਂ ਡਿੱਗਣ ਕਾਰਨ 12 ਮਜ਼ਦੂਰ ਜ਼ਖ਼ਮੀ
ਗੋਪੇਸ਼ਵਰ: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਹੇਲੰਗ ਨੇੜੇ ਟੀਐੱਚਡੀਸੀ ਦੇ ਵਿਸ਼ਣੂਗੜ੍ਹ ਪਣਬਿਜਲੀ ਪ੍ਰਾਜੈਕਟ ਵਾਲੀ ਜਗ੍ਹਾ ’ਤੇ ਢਿੱਗਾਂ ਡਿੱਗਣ ਕਾਰਨ ਅੱਜ 12 ਮਜ਼ਦੂਰ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾੜੀ ਨੇ ਦੱਸਿਆ ਕਿ ਢਿੱਗਾਂ ਡਿੱਗਣ ਸਮੇਂ ਪ੍ਰਾਜੈਕਟ ਵਾਲੀ ਜਗ੍ਹਾ ’ਤੇ ਲਗਪਗ 300 ਮਜ਼ਦੂਰ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪਹਾੜ ਤੋਂ ਪੱਥਰ ਡਿੱਗਣ ਲੱਗੇ ਤਾਂ ਮਜ਼ਦੂਰ ਜਾਨ ਬਚਾਉਣ ਲਈ ਭੱਜੇ। ਅੱਠ ਮਜ਼ਦੂਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਚਾਰ ਗੰਭੀਰ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖ਼ਮੀ ਮਜ਼ਦੂਰਾਂ ਨੂੰ ਪਿਪਲਕੋਟੀ ਸਥਿਤ ਵਿਵੇਕਾਨੰਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ