ਹਰ ਕੋਈ ਜਾਣਦੈ ‘ਬੇਜਾਨ’ ਹੈ ਭਾਰਤੀ ਅਰਥਚਾਰਾ: ਰਾਹੁਲ
ਭਾਰਤੀ ਅਰਥਚਾਰੇ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤੀ ਗਈ ਆਲੋਚਨਾ ਨਾਲ ਸੁਰ ਮਿਲਾਉਂਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਛੱਡ ਕੇ ਹਰ ਕੋਈ ਜਾਣਦਾ ਹੈ ਕਿ ਦੇਸ਼ ਦਾ ਅਰਥਚਾਰਾ ‘ਬੇਜਾਨ’ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨੇ ਦੇਸ਼ ਦੇ ਅਰਥਚਾਰੇ, ਰੱਖਿਆ ਅਤੇ ਵਿਦੇਸ਼ ਨੀਤੀਆਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਹ ਦੇਸ਼ ਨੂੰ ਨਿਵਾਣ ਵੱਲ ਲਿਜਾ ਰਹੇ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਟਰੰਪ ਨੇ 25 ਫ਼ੀਸਦ ਟੈਰਿਫ ਲਗਾ ਕੇ ਮੋਦੀ ਨੂੰ ਦੋਸਤੀ ਦਾ ਇਨਾਮ ਦਿੱਤਾ ਹੈ।
ਸੰਸਦੀ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨਾਲ ਵਪਾਰ ਸਮਝੌਤਾ ਟਰੰਪ ਦੀਆਂ ਸ਼ਰਤਾਂ ’ਤੇ ਹੋਵੇਗਾ ਅਤੇ ਮੋਦੀ ਉਹ ਕੁਝ ਕਰਨਗੇ ਜੋ ਅਮਰੀਕੀ ਰਾਸ਼ਟਰਪਤੀ ਆਖਣਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਬਾਰੇ ਲਾਏ ਗਏ ਆਧਾਰਹੀਣ ਦੋਸ਼ਾਂ ’ਤੇ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲੇ ਵੀ ਖਾਮੋਸ਼ ਰਹਿਣਗੇ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਤੁਹਾਡੇ ਦੋਸਤ-‘ਨਮਸਤੇ ਟਰੰਪ ਤੇ ਅਬਕੀ ਬਾਰ ਟਰੰਪ ਸਰਕਾਰ’ ਨੇ ਤੁਹਾਡੀ ਦੋਸਤੀ ਦਾ ਮੁਲਕ ਨੂੰ ਇਨਾਮ ਦਿੱਤਾ ਹੈ।’’