ਚੀਨੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਮੀਟਿੰਗ ਅੱਜ ਤੋਂ
ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ 20 ਤੋਂ 23 ਅਕਤੂਬਰ ਤੱਕ ਹੋਣ ਵਾਲੀ ਆਪਣੀ ਤਿੰਨ ਰੋਜ਼ਾ ਸਾਲਾਨਾ ਲੀਡਰਸ਼ਿਪ ਮੀਟਿੰਗ ਵਿੱਚ ਅਗਲੇ ਪੰਜ ਸਾਲਾਂ ਦੀ ਯੋਜਨਾ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਜੰਗ ਦੇ ਪ੍ਰਭਾਵ ਅਤੇ ਫੌਜ ਵਿੱਚ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ’ਤੇ ਚਰਚਾ ਕਰੇਗੀ। ਮੌਜੂਦਾ ਆਰਥਿਕ ਹਾਲਾਤ ਤੋਂ ਇਲਾਵਾ ਦੇਸ਼ ਭਰ ਦੇ ਸੀਨੀਅਰ ਪਾਰਟੀ ਆਗੂਆਂ ਵਾਲੇ 370 ਮੈਂਬਰੀ ਸਮੂਹ ਦੀ ਪੂਰਨ ਮੀਟਿੰਗ ਵਿੱਚ ਬਦਲਦੇ ਆਲਮੀ ਰਣਨੀਤਕ ਮਾਹੌਲ ’ਤੇ ਚਰਚਾ ਹੋਣ ਦੀ ਆਸ ਹੈ ਜਿਸ ਵਿੱਚ ਟਰੰਪ ਵੱਲੋਂ ਗਾਜ਼ਾ ’ਚ ਬੰਧਕ ਸੰਕਟ ਨੂੰ ਖ਼ਤਮ ਕਰਵਾਉਣ ਲਈ ਜੰਗਬੰਦੀ ਸਥਾਪਤ ਕਰਨ ’ਚ ਅਮਰੀਕੀ ਭੂਮਿਕਾ ਦਾ ਵਿਸਤਾਰ ਕਰਨ ਅਤੇ ਯੂਕਰੇਨ ਜੰਗ ਨੂੰ ਖ਼ਤਮ ਕਰਨ ਲਈ ਰੂਸ ’ਤੇ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ’ਤੇ ਵੀ ਚਰਚਾ ਹੋਵੇਗੀ।
ਪਿਛਲੇ ਸਮੇਂ ਵਿੱਚ ਕੀਤੇ ਗਏ ਅਧਿਕਾਰਤ ਐਲਾਨ ਮੁਤਾਬਕ, 20 ਤੋਂ 23 ਅਕਤੂਬਰ ਤੱਕ ਪੇਈਚਿੰਗ ਵਿੱਚ ਬੰਦ ਕਮਰੇ ’ਚ ਹੋਣ ਵਾਲੇ ਪੂਰਨ ਸੈਸ਼ਨ ਵਿੱਚ ਕੌਮੀ ਆਰਥਿਕ ਤੇ ਸਮਾਜਿਕ ਵਿਕਾਸ ਲਈ 15ਵੀਂ ਪੰਜ ਸਾਲਾ ਯੋਜਨਾ (2026-2030) ਦੇ ਨਿਰਮਾਣ ਵਿੱਚ ਸਬੰਧਿਤ ਪ੍ਰਮੁੱਖ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਨਵੀਂ ਪੰਜ ਸਾਲਾ ਯੋਜਨਾ ’ਤੇ ਚਰਚਾ ਵਿੱਚ ਵਿਸ਼ਵ ਦੇ ਦੂਜੇ ਸਭ ਤੋਂ ਵੱਡੇ ਅਰਥਚਾਰੇ ਵਿੱਚ ਜਾਰੀ ਮੰਦੀ, ਘਰੇਲੂ ਖ਼ਪਤ ’ਚ ਠਹਿਰਾਅ, ਨਵੀਂ ਉਤਪਾਦਕ ਸ਼ਕਤੀਆਂ ਦੀ ਵਾਧੂ ਸਮਰੱਥਾ, ਵਿਸ਼ੇਸ਼ ਤੌਰ ’ਤੇ ਵੱਡੀ ਮਾਤਰਾ ’ਚ ਉਤਪਾਦਿਤ ਈ-ਵਾਹਨਾਂ ਅਤੇ ਟਰੰਪ ਦੀਆਂ ਟੈਰਿਫ ਤੇ ਬਰਾਮਦ ਪਾਬੰਦੀਆਂ ਦੇ ਉਨ੍ਹਾਂ ’ਤੇ ਪੈਣ ਵਾਲੇ ਪ੍ਰਭਾਵ ਨੂੰ ਧਿਆਨ ਵਿੱਚ ਰੱਖੇ ਜਾਣ ਦੀ ਆਸ ਹੈ।