ਬਰਤਾਨੀਆ ਨੇ ਟੈਕਸਾਂ ਦਾ ਘੇਰਾ ਵਧਾਇਆ
ਬਰਤਾਨੀਆ ਦੀ ਚਾਂਸਲਰ ਰੇਚਲ ਰੀਵਜ਼ ਨੇ ਅੱਜ ਸੰਸਦ ਵਿੱਚ ਲੇਬਰ ਪਾਰਟੀ ਸਰਕਾਰ ਦਾ ਦੂਜਾ ਬਜਟ ਪੇਸ਼ ਕੀਤਾ। ਇਸ ਵਿੱਚ ਲਗਪਗ 26 ਅਰਬ ਪੌਂਡ ਦੇ ਟੈਕਸ ਵਧਾਏ ਗਏ ਜਿਸ ਵਿੱਚ ਬੇਸ਼ਕੀਮਤੀ ਜਾਇਦਾਦ ਅਤੇ ਆਨਲਾਈਨ ਜੂਏਬਾਜ਼ੀ ’ਤੇ ਟੈਕਸ ਸ਼ਾਮਲ ਹਨ। ਕਾਰੋਬਾਰੀਆਂ ’ਤੇ ਟੈਕਸ ਦਾ ਦਾਇਰਾ 25 ਫ਼ੀਸਦ ਰੱਖਿਆ ਗਿਆ ਹੈ। ਨਾਲ ਹੀ ਕੁੱਝ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਹਾਲਾਂਕਿ, ਇਹ ਬਜਟ ਪਹਿਲਾਂ ਹੀ ਲੀਕ ਹੋ ਗਿਆ ਸੀ, ਜਿਸ ’ਤੇ ਰੇਚਲ ਨੇ ਮੁਆਫ਼ੀ ਮੰਗ ਲਈ ਹੈ।
ਇਸ ਟੈਕਸ ਨਾਲ ਸਰਕਾਰ ਨੂੰ 26 ਅਰਬ ਪੌਂਡ (34 ਅਰਬ ਅਮਰੀਕੀ ਡਾਲਰ) ਦਾ ਫ਼ਾਇਦਾ ਹੋਵੇਗਾ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਵਿੱਚ 14 ਸਾਲ ਰਹਿਣ ਮਗਰੋਂ ਲੇਬਰ ਪਾਰਟੀ ਜੁਲਾਈ 2024 ਵਿੱਚ ਭਾਰੀ ਬਹੁਮਤ ਨਾਲ ਚੋਣਾਂ ਜਿੱਤ ਕੇ ਸੱਤਾ ਵਿੱਚ ਆਈ ਸੀ। ਰੀਵਜ਼ ਨੇ ਲਗਪਗ ਸਾਲ ਪਹਿਲਾਂ ਆਪਣੇ ਪਹਿਲੇ ਬਜਟ ਦੌਰਾਨ ਦਾਅਵਾ ਕੀਤਾ ਸੀ ਕਿ ਪਬਲਿਕ ਫਾਇਨਾਂਸ ਵਿੱਚ ਆਈ ਘਾਟ ਨੂੰ ਪੂਰਾ ਕਰਨ ਲਈ ਹੋਰ ਟੈਕਸ ਵਧਾਉਣ ਦੇ ਉਪਾਅ ਜ਼ਰੂਰੀ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਸੀ ਕਿ ਇਹ ਬਜਟ ਇਸ ਸੰਸਦ ਦਾ ਇਕਲੌਤਾ ਵੱਡਾ ਟੈਕਸ ਵਧਾਉਣ ਵਾਲਾ ਬਜਟ ਹੋਵੇਗਾ।
