ਡੋਨਲਡ ਟਰੰਪ ਖ਼ਿਲਾਫ਼ ਸੜਕਾਂ ’ਤੇ ਉਤਰੇ ਅਮਰੀਕੀ
ਅਮਰੀਕਾ ਦੇ ਕਈ ਸ਼ਹਿਰਾਂ ’ਚ ਬੀਤੇ ਦਿਨ ਮੁਜ਼ਾਹਰਾਕਾਰੀਆਂ ਦੀ ਭੀੜ ਨੇ ‘ਨੋ ਕਿੰਗਜ਼’ ਪ੍ਰਦਰਸ਼ਨਾਂ ਤਹਿਤ ਰੋਸ ਮਾਰਚ ਤੇ ਰੈਲੀਆਂ ਕੱਢੀਆਂ। ਮੁਜ਼ਾਹਰਾਕਾਰੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਹੇਠਲੀ ਸਰਕਾਰ ਦੀਆਂ ਤਾਨਾਸ਼ਾਹ ਅਤੇ ਮਾਰੂ ਨੀਤੀਆਂ ਦੀ ਆਲੋਚਨਾ ਕੀਤੀ।
‘ਵਿਰੋਧ ਪ੍ਰਦਰਸ਼ਨ ਤੋਂ ਵੱਧ ਦੇਸ਼ ਭਗਤੀ ਕੁਝ ਨਹੀਂ ਹੈ’ ਤੇ ‘ਫਾਸ਼ੀਵਾਦ ਦਾ ਵਿਰੋਧ ਕਰੋ’ ਜਿਹੇ ਨਾਅਰੇ ਲਿਖੇ ਬੈਨਰ ਫੜੀ ਲੋਕ ਨਿਊਯਾਰਕ ਸ਼ਹਿਰ ਦੇ ਟਾਈਮਜ਼ ਸਕੁਏਅਰ ’ਚ ਇਕੱਠੇ ਹੋਏ ਅਤੇ ਬੋਸਟਨ, ਅਟਲਾਂਟਾ ਤੇ ਸ਼ਿਕਾਗੋ ਦੇ ਪਾਰਕਾਂ ’ਚ ਰੈਲੀਆਂ ਕੀਤੀਆਂ। ਮੁਜ਼ਾਹਰਾਕਾਰੀਆਂ ਨੇ ਵਾਸ਼ਿੰਗਟਨ ਤੇ ਲਾਸ ਏਂਜਲਸ ਸ਼ਹਿਰ ’ਚ ਮਾਰਚ ਕੀਤਾ ਅਤੇ ਕਈ ਰਿਪਬਲਿਕਨ ਲੀਡਰਸ਼ਿਪ ਵਾਲੇ ਰਾਜਾਂ ’ਚ ਮੁੱਖ ਦਫਤਰਾਂ ਦੇ ਬਾਹਰ, ਬਿਲਿੰਗਜ਼ ਤੇ ਮੋਂਟਾਨਾ ਦੀਆਂ ਅਦਾਲਤਾਂ ਦੇ ਬਾਹਰ ਅਤੇ ਕਈ ਹੋਰ ਜਨਤਕ ਥਾਵਾਂ ’ਤੇ ਧਰਨੇ ਦਿੱਤੇ। ਟਰੰਪ ਦੀ ਰਿਪਬਲਿਕਨ ਪਾਰਟੀ ਨੇ ਇਨ੍ਹਾਂ ਮੁਜ਼ਾਹਰਿਆਂ ਨੂੰ ‘ਅਮਰੀਕਾ ਨਾਲ ਨਫਰਤ’ ਵਾਲੀਆਂ ਰੈਲੀਆਂ ਕਰਾਰ ਦਿੱਤਾ ਪਰ ਕਈ ਥਾਵਾਂ ’ਤੇ ਇਹ ਰੈਲੀਆਂ ਸੜਕਾਂ ’ਤੇ ਜਸ਼ਨਾਂ ਦੀ ਤਰ੍ਹਾਂ ਲੱਗ ਰਹੀਆਂ ਸਨ। ਵੱਡੀ ਗਿਣਤੀ ’ਚ ਮਾਰਚਿੰਗ ਬੈਂਡ ਤੇ ਵੰਨ-ਸਵੰਨੀਆਂ ਪੁਸ਼ਾਕਾਂ ਪਹਿਨੀ ਲੋਕ ਇਨ੍ਹਾਂ ਰੈਲੀਆਂ ’ਚ ਸ਼ਾਮਿਲ ਹੋਏ। ਟਰੰਪ ਦੇ ਰਾਸ਼ਟਰਪਤੀ ਵਜੋਂ ਦੂਜੇ ਕਾਰਜਕਾਲ ’ਚ ਤੀਜਾ ਸਮੂਹਿਕ ਰੋਸ ਮੁਜ਼ਾਹਰਾ ਸੀ ਅਤੇ ਇਹ ਉਸ ਸਰਕਾਰੀ ਬੰਦ ਦੀ ਪਿੱਠ ਭੂਮੀ ’ਚ ਹੋਇਆ ਜਿਸ ਨੇ ਨਾ ਸਿਰਫ਼ ਸੰਘੀ ਯੋਜਨਾਵਾਂ ਤੇ ਸੇਵਾਵਾਂ ਨੂੰ ਬੰਦ ਕਰ ਦਿੱਤਾ ਸਗੋਂ ਤਾਕਤਾਂ ਦੇ ਤਵਾਜ਼ਨ ਦੀ ਵੀ ਪ੍ਰੀਖਿਆ ਲੈ ਰਿਹਾ ਹੈ ਕਿਉਂਕਿ ਕਾਰਜਪਾਲਿਕਾ ਤੇ ਅਦਾਲਤਾਂ ਨੂੰ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਜ਼ਾਹਰਾਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਤਾਨਾਸ਼ਾਹੀ ਤੇ ਮਾਰੂ ਨੀਤੀਆਂ ਵੱਲ ਕਦਮ ਹੈ। ਵਾਸ਼ਿੰਗਟਨ ’ਚ ਰੋਸ ਮੁਜ਼ਾਹਰੇ ’ਚ ਸ਼ਾਮਲ ਇਰਾਕ ਜੰਗ ਦੇ ਬਜ਼ੁਰਗ ਜਲ ਸੈਨਿਕ ਸ਼ਾਅਨ ਹਾਵਰਡ ਨੇ ਕਿਹਾ ਕਿ ਉਹ ਕਦੀ ਕਿਸੇ ਰੋਸ ਮੁਜ਼ਾਹਰੇ ’ਚ ਸ਼ਾਮਿਲ ਨਹੀਂ ਹੋਇਆ ਪਰ ਟਰੰਪ ਪ੍ਰਸ਼ਾਸਨ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ, ਇਸ ਲਈ ਉਹ ਸਰਕਾਰ ਖ਼ਿਲਾਫ਼ ਮੁਜ਼ਾਹਰੇ ’ਚ ਸ਼ਾਮਲ ਹੋਇਆ ਹੈ। ਉਸ ਨੇ ਕਿਹਾ ਕਿ ਬਿਨਾਂ ਢੁੱਕਵੀਂ ਪ੍ਰਕਿਰਿਆ ਦੇ ਪਰਵਾਸੀਆਂ ਨੂੰ ਹਿਰਾਸਤ ’ਚ ਲੈਣਾ ਅਤੇ ਅਮਰੀਕੀ ਸ਼ਹਿਰਾਂ ’ਚ ਫੌਜੀ ਤਾਇਨਾਤ ਕਰਨਾ ‘ਗ਼ੈਰ-ਅਮਰੀਕੀ’ ਅਤੇ ਲੋਕਤੰਤਰ ਲਈ ਖਤਰਨਾਕ ਸੰਕੇਤ ਹੈ।