ਸੀਟ ਵੰਡ ਬਾਰੇ ਭਾਈਵਾਲਾਂ ਨੇ ਦਰਿਆਦਿਲੀ ਦਿਖਾਈ: ਚਿਰਾਗ
ਲੋਕ ਜਨ ਸ਼ਕਤੀ ਪਾਰਟੀ (ਰਾਮਵਿਲਾਸ) ਦੇ ਕੌਮੀ ਪ੍ਰਧਾਨ ਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਜਨਤਾ ਦਲ (ਯੂ) ਤੇ ਭਾਜਪਾ ਦਾ ਬਿਹਾਰ ਵਿਧਾਨ ਸਭਾ ਚੋਣਾਂ ਲਈ ਐੱਨ ਡੀ ਏ ਦੀਆਂ ਸਹਿਯੋਗੀ ਛੋਟੀਆਂ ਪਾਰਟੀਆਂ ਨੂੰ ਸੀਟਾਂ ਦੀ ਵੰਡ ’ਚ ਢੁੱਕਵੀ ਹਿੱਸੇਦਾਰੀ ਦੇਣ ਲਈ ਦਰਿਆਦਿਲੀ ਦਿਖਾਉਣ ’ਤੇ ਧੰਨਵਾਦ ਕੀਤਾ ਹੈ।
ਪਾਸਵਾਨ ਨੇ ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਜੋ ਪਟਨਾ ’ਚ ਚੋਣ ਸਮੀਖਿਆ ਤੇ ਸੰਗਠਨਾਤਮਕ ਮੀਟਿੰਗਾਂ ’ਚ ਹਿੱਸਾ ਲੈ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਐੱਨ ਡੀ ਏ ਇਤਿਹਾਸਕ ਜਿੱਤ ਦਰਜ ਕਰੇਗਾ ਅਤੇ ਨਾਲ ਵਿਰੋਧੀ ‘ਇੰਡੀਆ’ ਗੱਠਜੋੜ ’ਤੇ ਇਸ ਦੀਆਂ ਭਾਈਵਾਲ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਨੂੰ ਲੈ ਕੇ ਤਨਜ਼ ਵੀ ਕੱਸਿਆ। ਸ੍ਰੀ ਪਾਸਵਾਨ ਨੇ ਕਿਹਾ, ‘‘ਅਸੀਂ ਕਿਸੇ ਵਿਸ਼ੇਸ਼ ਗਿਣਤੀ ’ਚ ਸੀਟਾਂ ਲਈ ਨਹੀਂ ਲੜ ਰਹੇ। ਸਾਡੀ ਸਿਰਫ ਇਹੀ ਮੰਗ ਸੀ ਕਿ ਸਾਨੂੰ ਉਹ ਸੀਟਾਂ ਦਿੱਤੀਆਂ ਜਾਣ, ਜਿੱਥੇ ਸਾਡਾ ਆਧਾਰ ਮਜ਼ਬੂਤ ਹੈ। ਮੈਂ ਭਾਜਪਾ ਤੇ ਜੇਡੀ(ਯੂ) ਵੱਲੋਂ ਦਿਖਾਈ ਦਰਿਆਦਿਲੀ ਦਾ ਧੰਨਵਾਦੀ ਹਾਂ।’’