ਅਫ਼ਗਾਨਿਸਤਾਨ ਤੇ ਪਾਕਿਸਤਾਨ ਤੁਰੰਤ ਜੰਗਬੰਦੀ ਲਈ ਸਹਿਮਤ
ਅਫਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਇੱਕ ਹਫ਼ਤੇ ਤੋਂ ਜਾਰੀ ਲੜਾਈ ਮਗਰੋਂ ਦੋਵੇਂ ਦੇਸ਼ ਤੁਰੰਤ ਜੰਗਬੰਦੀ ਤੇ ਸਥਾਈ ਸ਼ਾਂਤੀ ਯਕੀਨੀ ਬਣਾਉਣ ਲਈ ਸਹਿਮਤ ਹੋ ਗਏ ਹਨ।
ਕਤਰ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਅਨੁਸਾਰ ਇਹ ਕਾਮਯਾਬੀ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਅਤੇ ਅਫ਼ਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਮੁੱਲਾ ਯਾਕੂਬ ਵਿਚਾਲੇ ਦੋਹਾ ’ਚ ਹੋਈ ਵਾਰਤਾ ਤੋਂ ਬਾਅਦ ਮਿਲੀ ਹੈ। ਇਸ ਵਾਰਤਾ ਲਈ ਸਾਲਸੀ ਕਤਰ ਅਤੇ ਤੁਰਕੀ ਨੇ ਕੀਤੀ। ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਜਾਰੀ ਲੜਾਈ ’ਚ ਦਰਜਨਾਂ ਲੋਕ ਮਾਰੇ ਗਏ ਹਨ ਤੇ ਸੈਂਕੜੇ ਜ਼ਖ਼ਮੀ ਹੋਏ ਹਨ। ਬਿਆਨ ’ਚ ਦੱਸਿਆ ਗਿਆ ਹੈ, ‘‘ਗੱਲਬਾਤ ਦੌਰਾਨ ਦੋਵੇਂ ਧਿਰਾਂ ਤੁਰੰਤ ਜੰਗਬੰਦੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਥਾਈ ਸ਼ਾਂਤੀ ਤੇ ਸਥਿਰਤਾ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋ ਗਈਆਂ ਹਨ।’’ ਇਸ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਗੁਆਂਢੀਆਂ ਨੇ ਆਉਣ ਵਾਲੇ ਦਿਨਾਂ ’ਚ ਹੋਰ ਮੀਟਿੰਗਾਂ ਕਰਨ ’ਤੇ ਵੀ ਸਹਿਮਤੀ ਜ਼ਾਹਿਰ ਕੀਤੀ ਹੈ ਤਾਂ ਜੋ ਦੋਵਾਂ ਮੁਲਕਾਂ ’ਚ ਸੁਰੱਖਿਆ ਤੇ ਸਥਿਰਤਾ ਲਈ ਜੰਗਬੰਦੀ ਸਹੀ ਢੰਗ ਨਾਲ ਲਾਗੂ ਕੀਤੀ ਜਾ ਸਕੇ।
ਦੋਹਾ ਵਾਰਤਾ ਬੀਤੇ ਦਿਨ ਸ਼ੁਰੂ ਹੋਈ ਜਿਸ ਵਿੱਚ ਪਾਕਿਸਤਾਨ ਨੇ ਅਫਗਾਨ ਤਾਲਿਬਾਨ ਦੇ ਅਧਿਕਾਰੀਆਂ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਖ਼ਿਲਾਫ਼ ‘ਢੁੱਕਵੀਂ ਕਾਰਵਾਈ’ ਕਰਨ ਦੀ ਮੰਗ ਕੀਤੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਜਾਰੀ ਬਿਆਨ ’ਚ ਕਿਹਾ ਕਿ ਪਾਕਿਸਤਾਨ ਨੇ ਅਫਗਾਨ ਅਧਿਕਾਰੀਆਂ ਨੂੰ ‘ਕੌਮਾਂਤਰੀ ਭਾਈਚਾਰੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਤੇ ਇਸਲਾਮਾਬਾਦ ਦੀਆਂ ਜਾਇਜ਼ ਸੁਰੱਖਿਆ ਚਿੰਤਾਵਾਂ ਦੂਰ ਕਰਨ ਦੀ ਲੋੜ’ ’ਤੇ ਜ਼ੋਰ ਦਿੱਤਾ। ਮੰਤਰਾਲੇ ਨੇ ਕਿਹਾ, ‘‘ਪਾਕਿਸਤਾਨ ਕਤਰ ਦੀ ਸਾਲਸੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਇਹ ਚਰਚਾ ਖਿੱਤੇ ’ਚ ਸ਼ਾਂਤੀ ਤੇ ਸਥਿਰਤਾ ’ਚ ਯੋਗਦਾਨ ਪਾਏਗੀ।’’