ਰੂਸੀ ਹਮਲੇ ’ਚ 19 ਯੂਕਰੇਨੀ ਹਲਾਕ
ਰੂਸ ਵੱਲੋਂ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਕੀਤੇ ਗਏ ਜ਼ੋਰਦਾਰ ਹਮਲੇ ’ਚ 19 ਲੋਕ ਮਾਰੇ ਗਏ ਅਤੇ ਦਰਜਨਾਂ ਹੋਰ ਫੱਟੜ ਹੋ ਗਏ। ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਤੁਰਕੀ ’ਚ ਆਪਣੇ ਹਮਰੁਤਬਾ ਰੇਸਿਪ ਤੱਈਅਪ ਅਰਦੌਗਾਂ ਨਾਲ ਮੁਲਾਕਾਤ ਕਰਨ ਵਾਲੇ ਹਨ। ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਇਹੋਰ ਕਲੀਮੇਂਕੋ ਮੁਤਾਬਕ ਰੂਸ ਵੱਲੋਂ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਹਵਾਈ ਹਮਲੇ ਕੀਤੇ ਜਿਸ ਨਾਲ ਪੋਲੈਂਡ ਦੀ ਸਰਹੱਦ ਤੋਂ ਕਰੀਬ 200 ਕਿਲੋਮੀਟਰ ਨੇੜਲੇ ਸ਼ਹਿਰ ਟੇਰਨੋਪਿਲ ’ਚ 9-9 ਮੰਜ਼ਿਲਾ ਦੋ ਅਪਰਾਟਮੈਂਟ ਬਲਾਕਾਂ ਨੂੰ ਨੁਕਸਾਨ ਪਹੁੰਚਿਆ।
ਉਨ੍ਹਾਂ ਦੱਸਿਆ ਕਿ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਮਲੇ ’ਚ 16 ਬੱਚਿਆਂ ਸਮੇਤ 66 ਲੋਕ ਜ਼ਖ਼ਮੀ ਹੋਏ ਹਨ। ਯੂਕਰੇਨੀ ਹਵਾਈ ਫੌਜ ਨੇ ਕਿਹਾ ਕਿ ਰੂਸ ਨੇ 476 ਡਰੋਨ ਅਤੇ 48 ਵੱਖ-ਵੱਖ ਕਿਸਮਾਂ ਦੀਆਂ ਮਿਜ਼ਾਈਲਾਂ ਦਾਗ਼ੀਆਂ।
ਸ੍ਰੀ ਜ਼ੇਲੈਂਸਕੀ ਨੇ ਮੈਸੇਜਿੰਗ ਐਪ ਟੈਲੀਗ੍ਰਾਮ ’ਤੇ ਕਿਹਾ ਕਿ ਆਮ ਲੋਕਾਂ ’ਤੇ ਹਮਲਿਆਂ ਤੋਂ ਸੰਕੇਤ ਮਿਲ ਰਹੇ ਹਨ ਕਿ ਜੰਗ ਰੋਕਣ ਲਈ ਰੂਸ ’ਤੇ ਬਹੁਤ ਹੀ ਘੱਟ ਦਬਾਅ ਪੈ ਰਿਹਾ ਹੈ। ਰੂਸ ਵੱਲੋਂ ਯੂਕਰੇਨ ਦੇ ਤਿੰਨ ਹੋਰ ਖ਼ਿੱਤਿਆਂ ’ਚ ਕੀਤੇ ਗਏ ਹਮਲਿਆਂ ਨਾਲ ਕਰੀਬ 50 ਜਣੇ ਜ਼ਖ਼ਮੀ ਹੋ ਗਏ। ਉਧਰ, ਰੋਮਾਨੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਹਮਲਿਆਂ ਦੌਰਾਨ ਇਕ ਡਰੋਨ ਦੇ ਨਾਟੋ ਮੈਂਬਰ ਮੁਲਕ ਦੇ ਹਵਾਈ ਖੇਤਰ ’ਚ ਦਾਖ਼ਲ ਹੋਣ ’ਤੇ ਦੋ ਯੂਰੋਫਾਈਟਰ ਟਾਈਫੂਲ ਜੈੱਟਾਂ ਅਤੇ ਦੋ ਐੱਫ-16 ਜੈੱਟਾਂ ਨੇ ਇਹਤਿਆਤ ਵਜੋਂ ਉਡਾਣ ਭਰੀ। ਪੋਲੈਂਡ ਫੌਜ ਨੇ ਵੀ ਕਿਹਾ ਕਿ ਉਨ੍ਹਾਂ ਵੀ ਅੱਧੀ ਰਾਤ ਤੋਂ ਬਾਅਦ ਜੈੱਟ ਤਾਇਨਾਤ ਕੀਤੇ ਸਨ। ਪੋਲੈਂਡ ਦੇ ਰਜ਼ੇਸਜ਼ੋਅ ਅਤੇ ਲੁਬਲਿਨ ਹਵਾਈ ਅੱਡਿਆਂ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ।
