ਏਸ਼ਿਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ: ਯਸ਼ਦੀਪ ਤੇ ਅੰਸ਼ਿਕਾ ਦਾ ਸ਼ਾਨਦਾਰ ਪ੍ਰਦਰਸ਼ਨ
ਭਾਰਤੀ ਰੀਕਰਵ ਤੀਰਅੰਦਾਜ਼ੀ ਲੰਮੇ ਸਮੇਂ ਤੋਂ ਨਾਕਾਮੀਆਂ ਦਾ ਸਾਹਮਣਾ ਕਰ ਰਹੀ ਹੈ ਤੇ ਟੀਮ 2023 ਦੇ ਸੈਸ਼ਨ ’ਚ ਪੁਰਸ਼ ਵਰਗ ’ਚ ਤਗ਼ਮਾ ਜਿੱਤਣ ’ਚ ਨਾਕਾਮ ਰਹੀ ਸੀ, ਜਿੱਥੇ ਸਿਰਫ ਮਹਿਲਾ ਟੀਮ ਨੇ ਕਾਂਸੀ ਜਿੱਤੀ ਸੀ।
ਯਸ਼ਦੀਪ ਤੇ ਅੰਸ਼ਿਕਾ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਇਹ ਸੋਕਾ ਖਤਮ ਕਰਨ ਦੀ ਉਮੀਦ ਜਗਾਈ ਹੈ; ਹਾਲਾਂਕਿ ਇਸ ਦੌਰਾਨ ਭਾਰਤ ਨੂੰ ਦੀਪਿਕਾ ਤੇ ਧੀਰਜ ਦੇ ਟੀਮ ਮੁਕਾਬਲਿਆਂ ’ਚੋਂ ਬਾਹਰ ਹੋਣ ਨਾਲ ਝਟਕਾ ਵੀ ਲੱਗਾ ਹੈ। ਇਹ ਦੋਵੇਂ ਆਖਰੀ ਤਿੰਨਾਂ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੇ।
ਯਸ਼ਦੀਪ ਨੇ 687/720 ਅੰਕ ਲੈ ਕੇ ਕੋਰਿਆਈ ਖਿਡਾਰੀਆਂ ਸੇਓ ਮਿੰਗੀ (681 ਅੰਕ) ਤੇ ਕਿਮ ਯੀਏਚਨ (679) ਨੂੰ ਪਛਾਦਿਆਂ ਪਹਿਲਾ ਸਥਾਨ ਮੱਲਿਆ। ਦੋ ਵਾਰ ਦਾ ਓਲੰਪੀਅਨ ਅਤਨੂ 7ਵੇਂ ਤੇ ਰਾਹੁਲ 11ਵੇਂ ਸਥਾਨ ’ਤੇ ਰਿਹਾ। ਇਨ੍ਹਾਂ ਤਿੰਨਾਂ ਨੇ ਧੀਰਜ ਬੋਮਵੇਂਦਰਾ ਨੂੰ ਪਛਾੜ ਕੇ ਪੁਰਸ਼ ਟੀਮ ਲਾਈਨਅਪ ਪੂਰਾ ਕੀਤਾ।
ਮਹਿਲਾ ਰੀਕਰਵ ਵਰਗ ’ਚ ਅੰਸ਼ਿਕਾ (25) ਨੇ 660 ਅੰਕਾਂ ਨਾਲ ਪੰੰਜਵਾਂ ਸਥਾਨ ਹਾਸਲ ਕੀਤਾ। ਅੰਕਿਤਾ ਭਕਤ 9ਵੇਂ ਤੇ ਸੰਗੀਤਾ 11ਵੇਂ ਸਥਾਨ ’ਤੇ ਰਹੀ। ਕੰਪਾਊਂਡ ਵਰਗ ’ਚ ਭਾਰਤੀ ਤੀਰਅੰਦਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਮਹਿਲਾ ਟੀਮ ਨੇ ਕੁਆਲੀਫਿਕੇਸ਼ਨ ’ਚ ਦਬਦਬਾ ਬਣਾਇਆ ਤੇ ਚਾਰੇ ਤੀਰਅੰਦਾਜ਼ ਸਿਖਰਲੇ ਪੰਜ ’ਚ ਰਹੀਆਂ। ਭਾਰਤ ਦੀ ਕੰਪਾਊਂਡ ਮਹਿਲਾ ਟੀਮ ਸ਼ੁਰੂਆਤੀ ਐਲਿਮੀਨੇਸ਼ਨ ਗੇੜ ’ਚ ਵੀਅਤਨਾਮ ਨਾਲ ਭਿੜੇਗੀ।
