ਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ ਅਮਨ ਤੇ ਫ੍ਰੀਸਟਾਈਲ ਕੋਚਾਂ ਨੂੰ ‘ਕਾਰਨ ਦੱਸੋ’ ਨੋਟਿਸ, 27 ਤੱਕ ਜਵਾਬ ਮੰਗਿਆ
ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਨੇ ਪੈਰਿਸ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜੇਤੂ ਪਹਿਲਵਾਨ ਅਮਨ ਸਹਿਰਾਵਤ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਸਹਿਰਾਵਤ ਪਿਛਲੇ ਦਿਨੀਂ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਨਿਰਧਾਰਿਤ ਭਾਰ ਬਰਕਰਾਰ ਰੱਖਣ ਵਿਚ ਨਾਕਾਮ ਰਿਹਾ ਸੀ। ਫੈਡਰੇਸ਼ਨ ਨੇ ਚਾਰ ਕੋਚਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਤੇ 27 ਸਤੰਬਰ ਤੱਕ ਜਵਾਬ ਮੰਗਿਆ ਹੈ।
ਅਮਨ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋ ਭਾਰ ਵਰਗ ਵਿਚ ਤਗ਼ਮੇ ਦਾ ਪ੍ਰਬਲ ਦਾਅਵੇਦਾਰ ਸੀ, ਪਰ ਮੁਕਾਬਲੇ ਵਾਲੇ ਦਿਨ ਉਸ ਦਾ ਭਾਰ ਨਿਰਧਾਰਿਤ ਹੱਦ ਨਾਲੋਂ 1.7 ਕਿਲੋ ਵੱਧ ਨਿਕਲਿਆ ਤੇ ਉਸ ਨੂੰ ਮੁਕਾਬਲੇ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ। ਭਾਰਤੀ ਕੁਸ਼ਤੀ ਫੈਡਰੇਸ਼ਨ ਕਿਹਾ ਕਿ ਜ਼ਾਗਰੇਬ ਵਿਚ ਚਾਰ ਕੋਚ ਮੌਜੂਦ ਸਨ, ਪਰ ਇਸ ਦੇ ਬਾਵਜੂਦ ਉਹ ਪਹਿਲਵਾਨ ਦੇ ਭਾਰ ’ਤੇ ਨਜ਼ਰ ਕਿਉਂ ਨਹੀਂ ਰੱਖ ਸਕੇ। ਫੈਡਰੇਸ਼ਨ ਨੇ ਕੋਚਾਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।
ਫੈਡਰੇਸ਼ਨ ਦੇ ਅਧਿਕਾਰੀ ਨੇ ਕਿਹਾ, ‘‘ਇਹ ਸਵੀਕਾਰਯੋਗ ਨਹੀਂ ਹੈ। ਸਾਨੂੰ ਇਸ ਪਿਛਲੇ ਕਾਰਨ ਲੱਭਣੇ ਹੋਣਗੇ। ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਸਾਡੇ ਦੋ ਚੰਗੇ ਪਹਿਲਵਾਨ ਅਯੋਗ ਹੋ ਗਏ ਹਨ। ਸਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਇਹੀ ਵਜ੍ਹਾ ਹੈ ਕਿ ਅਸੀਂ ਅਮਨ ਸਹਿਰਾਵਤ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।’’
ਮੁੱਖ ਕੋਚ ਜਗਮੰਦਰ ਸਿੰਘ, ਵਿਨੋਦ, ਵੀਰੇਂਦਰ ਤੇ ਨਰੇਂਦਰ, ਜੋ ਫ਼੍ਰੀਸਟਾਈਲ ਪਹਿਲਵਾਨ ਨਾਲ ਸਨ, ਦੀ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ। ਅਧਿਕਾਰੀ ਨੇ ਕਿਹਾ, ‘‘ਉਥੇ ਦਸ ਪਹਿਲਵਾਨ ਤੇ ਚਾਰ ਕੋਚ ਸਨ। ਉਨ੍ਹਾਂ ਨੂੰ ਇਸ ਮਸਲੇ ’ਤੇ ਨਜ਼ਰ ਰੱਖਣੀ ਚਾਹੀਦੀ ਸੀ। ਮੁਕਾਬਲੇ ਤੋਂ ਪਹਿਲਾਂ 15 ਦਿਨ ਸਨ। ਇਹ ਉਨ੍ਹਾਂ ਦੀ ਵੀ ਜ਼ਿੰਮੇਵਾਰੀ ਸੀ। ਲਿਹਾਜ਼ਾ ਉਨ੍ਹਾਂ ਨੂੰ ਵੀ ਜਵਾਬ ਦੇਣਾ ਹੋਵੇਗਾ।’’
ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਤਜਰਬੇ ਵਜੋਂ ਚੋਣ ਟਰਾਇਲਾਂ ਦੌਰਾਨ ਭਾਰ ਸਹਿਣਸ਼ੀਲਤਾ ਪ੍ਰਣਾਲੀ ਨੂੰ ਖਤਮ ਕਰਨ ਦਾ ਵੀ ਫੈਸਲਾ ਕੀਤਾ ਹੈ। ਆਮ ਤੌਰ ’ਤੇ ਸਾਰੇ ਪਹਿਲਵਾਨਾਂ ਨੂੰ 2 ਕਿਲੋਗ੍ਰਾਮ ਭਾਰ ਸਹਿਣਸ਼ੀਲਤਾ ਦਿੱਤੀ ਜਾਂਦੀ ਹੈ। ਫੈਡਰੇਸ਼ਨ ਨੇ ਕਿਹਾ, ‘‘ਸਾਨੂੰ ਕੁਝ ਕੋਚਾਂ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਸਾਨੂੰ ਇਸ ਅਭਿਆਸ ਨੂੰ ਬੰਦ ਕਰਨਾ ਚਾਹੀਦਾ ਹੈ। ਇਹ ਇੱਕ ਆਦਤ ਬਣ ਜਾਂਦੀ ਹੈ ਅਤੇ ਪਹਿਲਵਾਨ ਮੁਕਾਬਲੇ ਦੌਰਾਨ ਸੰਘਰਸ਼ ਕਰਦੇ ਹਨ। ਇਸ ਲਈ 4 ਅਤੇ 5 ਅਕਤੂਬਰ ਨੂੰ ਲਖਨਊ ਵਿੱਚ ਹੋਣ ਵਾਲੇ ਅਗਾਮੀ U23 ਵਿਸ਼ਵ ਚੈਂਪੀਅਨਸ਼ਿਪ ਟਰਾਇਲਾਂ ਲਈ, ਸਾਰੇ ਪਹਿਲਵਾਨਾਂ ਨੂੰ ਸਹੀ ਭਾਰ ਦੇਣਾ ਹੋਵੇਗਾ।’’
ਅਧਿਕਾਰੀ ਨੇ ਕਿਹਾ, ‘‘ਅਸੀਂ ਤਜਰਬਾ ਕਰ ਰਹੇ ਹਾਂ, ਦੇਖਦੇ ਹਾਂ ਕਿ ਸਾਨੂੰ ਕੀ ਨਤੀਜੇ ਮਿਲਦੇ ਹਨ।’’ ਵਿਸ਼ਵ ਅੰਡਰ-23 ਚੈਂਪੀਅਨਸ਼ਿਪ 20 ਤੋਂ 26 ਅਕਤੂਬਰ ਤੱਕ ਸਰਬੀਆ ਦੇ ਨੋਵੀ ਸਾਦ ਵਿੱਚ ਆਯੋਜਿਤ ਕੀਤੀ ਜਾਵੇਗੀ। ਹਾਲ ਹੀ ਵਿੱਚ WFI ਨੇ ਨੌਜਵਾਨ ਨੇਹਾ ਸਾਂਗਵਾਨ ਨੂੰ ਵੱਧ ਭਾਰ ਹੋਣ ਕਾਰਨ U20 ਵਿਸ਼ਵ ਚੈਂਪੀਅਨਸ਼ਿਪ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਦੋ ਸਾਲਾਂ ਲਈ ਮੁਅੱਤਲ ਕਰ ਦਿੱਤਾ ਸੀ।