ਕੁਸ਼ਤੀ: ਅਮਨ, ਸੋਨਮ ਅਤੇ ਕਿਰਨ ਨੇ ਕਾਂਸੀ ਜਿੱਤੀ; ਬਜਰੰਗ ਦੇ ਹੱਥ ਖ਼ਾਲੀ
ਹਾਂਗਜ਼ੂ, 6 ਅਕਤੂਬਰ
ਚੋਣ ਟਰਾਇਲ ਦਿੱਤੇ ਬਗੈਰ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬਜਰੰਗ ਪੂਨੀਆ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਤਗ਼ਮਾ ਜਿੱਤਣ ’ਚ ਨਾਕਾਮ ਰਿਹਾ, ਜਦਕਿ ਅਮਨ ਸਹਿਰਾਵਤ ਸਣੇ ਤਿੰਨ ਹੋਰ ਭਾਰਤੀ ਪਹਿਲਵਾਨਾਂ ਨੇ ਅੱਜ ਇੱਥੇ ਕਾਂਸੇ ਦੇ ਤਗ਼ਮੇ ਜਿੱਤੇ।
ਪਹਿਲਵਾਨ ਸੋਨਮ ਮਲਿਕ ਨੇ ਮਹਿਲਾਵਾਂ ਦੇ 62 ਕਿਲੋ ਭਾਰ ਵਰਗ ਵਿੱਚ ਚੀਨ ਦੀ ਜਿਯਾ ਲੋਂਗ ਨੂੰ 7-5 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਕਿਰਨ ਨੇ 76 ਕਿਲੋ ਭਾਰ ਵਰਗ ਵਿੱਚ ਮੰਗੋਲੀਆ ਦੀ ਅਰਿਉਨਜਰਗਲ ਗਣਬਤ ਨੂੰ 6-3 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਅਮਨ ਸਹਿਰਾਵਨ ਤੋਂ ਪੁਰਸ਼ਾਂ ਦੇ 57 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮੇ ਦੀ ਉਮੀਦ ਸੀ ਪਰ ਕਾਂਸੇ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸ ਸਾਲ ਜ਼ਿਆਦਾਤਰ ਸਮਾਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਧਰਨੇ ’ਤੇ ਗੁਜ਼ਾਰਨ ਵਾਲੇ ਬਜਰੰਗ ਪੂਨੀਆ ਤਿਆਰੀ ਤੋਂ ਬਿਨਾ ਅਖਾੜੇ ਵਿੱਚ ਉੱਤਰੇ ਦਿਖਾਈ ਦਿੱਤੇ।
ਬਜਰੰਗ ਨੇ ਦੋ ਜਿੱਤਾਂ ਨਾਲ ਸ਼ੁਰੂਆਤ ਕੀਤੀ ਪਰ ਇਰਾਨੀ ਖਿਡਾਰੀ ਦਾ ਉਸ ਕੋਲ ਕੋਈ ਜੁਆਬ ਨਹੀਂ ਸੀ। ਏਸ਼ਿਆਈ ਖੇਡਾਂ ਦੇ ਚੋਣ ਟਰਾਇਲ ਵਿੱਚ ਹਿੱਸਾ ਨਾ ਲੈਣ ਲਈ ਬਜਰੰਗ ਦੀ ਕਾਫੀ ਆਲੋਚਨਾ ਹੋਈ ਸੀ। ਹਾਲਾਂਕਿ ਵਿਸ਼ਾਲ ਕਾਲੀਰਮਨ ਨੇ ਟਰਾਇਲ ਜਿੱਤਿਆ ਸੀ ਪਰ ਇਸ ਵਰਗ ਵਿੱਚ ਉਸ ਨੂੰ ਸਟੈਂਡਬਾਇ ਰੱਖਿਆ ਗਿਆ ਸੀ। ਪੁਰਸ਼ਾਂ ਦੇ 65 ਭਾਰ ਵਰਗ ਦੇ ਮੁਕਾਬਲੇ ਵਿੱਚ ਸਾਬਕਾ ਚੈਂਪੀਅਨ ਬਜਰੰਗ ਨੂੰ ਭੇਜਣਾ ਬਾਜਵਾ ਦੀ ਅਗਵਾਈ ਵਾਲੇ ਪੈਨਲ ਦੀ ਗਲਤੀ ਸਾਬਿਤ ਹੋਈ। ਇਸੇ ਤਰ੍ਹਾਂ ਮਹਿਲਾ ਪਹਿਲਵਾਨ ਵਨਿੇਸ਼ ਫੋਗਾਟ ਨੂੰ ਵੀ ਟਰਾਇਲ ਤੋਂ ਬਚਾ ਲਿਆ ਗਿਆ ਸੀ ਪਰ ਉਹ ਜ਼ਖ਼ਮੀ ਹੋ ਗਈ ਅਤੇ ਉਸ ਦੀ ਜਗ੍ਹਾ ਅੰਤਿਮ ਪੰਘਾਲ ਨੂੰ ਮੌਕਾ ਮਿਲਿਆ। ਅੰਤਿਮ ਨੇ ਇਨ੍ਹਾਂ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਛਾਪ ਛੱਡੀ। ਸੈਮੀਫਾਈਨਲ ਵਿੱਚ ਬਜਰੰਗ ਨੂੰ ਇਰਾਨ ਦੇ ਰਹਿਮਾਨ ਅਮੋਜਾਦਖਲੀਲੀ ਨੇ 8-1 ਨਾਲ ਹਰਾਇਆ, ਜਦਕਿ ਕਾਂਸੇ ਦੇ ਤਗ਼ਮੇ ਲਈ ਮੁਕਾਬਲੇ ਦੌਰਾਨ ਅਮਨ ਨੇ ਚੀਨ ਦੇ ਮਿੰਗੂ ਲਿਊ ਨੂੰ ਹਰਾਇਆ। ਪੰਜ ਵਿੱਚੋਂ ਚਾਰ ਭਾਰਤੀ ਪਹਿਲਵਾਨਾਂ ਨੂੰ ਅੱਜ ਆਖ਼ਰੀ ਚਾਰ ਮੁਕਾਬਲਿਆਂ ਵਿੱਚ ਹਾਰ ਝੱਲਣੀ ਪਈ। ਰਾਧਿਕਾ 68 ਕਿਲੋ ਭਾਰ ਵਿੱਚ ਇਕਲੌਤੀ ਅਜਿਹੀ ਪਹਿਲਵਾਨ ਸੀ, ਜੋ ਤਗ਼ਮਾ ਦੌੜ ਵਿੱਚ ਜਗ੍ਹਾ ਨਹੀਂ ਬਣਾ ਸਕੀ। ਭਾਰਤ ਨੇ ਕੁਸ਼ਤੀ ਮੁਕਾਬਲਿਆਂ ਵਿੱਚ ਪੰਜ ਕਾਂਸੇ ਦੇ ਤਗ਼ਮੇ ਜਿੱਤੇ ਹਨ। -ਪੀਟੀਆਈ