ਵਿਸ਼ਵ ’ਵਰਸਿਟੀ ਖੇਡਾਂ: ਭਾਰਤ ਨੇ ਤੀਰਅੰਦਾਜ਼ੀ ’ਚ ਪਹਿਲਾ ਸੋਨ ਤਗਮਾ ਜਿੱਤਿਆ
ਭਾਰਤ ਨੇ ਐੱਫਆਈਐੱਸਯੂ ਵਿਸ਼ਵ ਯੂਨੀਵਰਸਿਟੀ ਖੇਡਾਂ 2025 ਦੇ ਕੰਪਾਊਂਡ ਮਿਕਸਡ ਟੀਮ ਤੀਰਅੰਦਾਜ਼ੀ ਮੁਕਾਬਲੇ ਵਿੱਚ ਪਹਿਲਾ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪਰਨੀਤ ਕੌਰ ਅਤੇ ਕੁਸ਼ਲ ਦਲਾਲ ਦੀ ਟੀਮ ਨੇ ਇਹ ਪ੍ਰਾਪਤ ਹਾਸਲ ਕੀਤੀ। ਇਹ ਮੁਕਾਬਲਾ ਲਾਸ ਏਂਜਲਸ 2028 ਸਮਰ ਓਲੰਪਿਕ ਖੇਡਾਂ ਵਿੱਚ ਵੀ ਸ਼ਾਮਲ ਹੋਵੇਗਾ। ਓਲੰਪਿਕ ਵਿੱਚ ਪਹਿਲੀ ਵਾਰ ਕੰਪਾਊਂਡ ਤੀਰਅੰਦਾਜ਼ੀ ਨੂੰ ਸ਼ਾਮਲ ਕੀਤਾ ਗਿਆ ਹੈ।
ਭਾਰਤੀ ਜੋੜੀ ਨੇ ਰੋਮਾਂਚਕ ਫਾਈਨਲ ਵਿੱਚ 157 ਅੰਕ ਬਣਾ ਕੇ ਦੱਖਣੀ ਕੋਰੀਆ ਦੀ ਪਾਰਕ ਯੇਰਿਨ ਅਤੇ ਐੱਸ ਪਾਰਕ ਦੀ ਜੋੜੀ ਨੂੰ ਤਿੰਨ ਅੰਕਾਂ ਨਾਲ ਹਰਾਇਆ। ਅੱਧੇ ਸਮੇਂ ਤੱਕ ਦੱਖਣੀ ਕੋਰੀਆ ਦੀ ਟੀਮ 78-77 ਨਾਲ ਅੱਗੇ ਸੀ, ਪਰ ਭਾਰਤੀ ਜੋੜੀ ਨੇ ਆਖ਼ਰੀ ਦੋ ਗੇੜਾਂ ਵਿੱਚ ਲਗਾਤਾਰ ਲੀਡ ਲੈਂਦਿਆਂ ਜਿੱਤ ਹਾਸਲ ਕੀਤੀ।
ਇਹ 2025 ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਭਾਰਤ ਦਾ ਤੀਸਰਾ ਕੰਪਾਊਂਡ ਤੀਰਅੰਦਾਜ਼ੀ ਤਗਮਾ ਹੈ। ਕੰਪਾਊਂਡ ਪੁਰਸ਼ ਟੀਮ ਫਾਈਨਲ ਵਿੱਚ ਕੁਸ਼ਲ ਦਲਾਲ, ਸਾਹਿਲ ਰਾਜੇਸ਼ ਜਾਧਵ ਅਤੇ ਰਿਤਿਕ ਸ਼ਰਮਾ ਦੀ ਭਾਰਤੀ ਤਿਕੜੀ ਮਹਿਜ਼ ਇੱਕ ਅੰਕ ਦੇ ਫਰਕ ਨਾਲ ਸੋਨ ਤਗਮੇ ਤੋਂ ਖੁੰਝ ਗਈ। ਭਾਰਤੀ ਤਿਕੜੀ ਨੂੰ ਤੁਰਕੀ ਦੀ ਟੀਮ ਹੱਥੋਂ 232-231 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਪਰਨੀਤ ਕੌਰ, ਅਵਨੀਤ ਕੌਰ ਅਤੇ ਮਧੁਰਾ ਡੀ ਦੀ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਗ੍ਰੇਟ ਬ੍ਰਿਟੇਨ ਨੂੰ 232-224 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਸ਼ੁੱਕਰਵਾਰ ਨੂੰ ਤੀਰਅੰਦਾਜ਼ੀ ਵਿੱਚ ਤਿੰਨ ਤਗਮੇ ਹਾਸਲ ਕਰਨ ਨਾਲ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਭਾਰਤ ਹੁਣ ਤੱਕ ਕੁੱਲ ਪੰਜ ਤਗ਼ਮੇ ਜਿੱਤ ਚੁੱਕਾ ਹੈ।