ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਸ਼ਵ ਪੈਰਾ ਅਥਲੈਟਿਕਸ: ਭਾਰਤ ਨੇ ਦੋ ਸੋਨੇ ਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ

ਜੈਵਲਿਨ ਥ੍ਰੋਅਰ ਸੁਮਿਤ ਨੇ ਲਗਾਤਾਰ ਤੀਜਾ ਸੋਨ ਤਗ਼ਮਾ ਜਿੱਤ ਕੇ ਰਚਿਆ ਇਤਿਹਾਸ
ਸੁਮਿਤ ਅੰਤਿਲ
Advertisement
ਭਾਰਤ ਦਾ ਸੁਮਿਤ ਅੰਤਿਲ ਅੱਜ ਇੱਥੇ ਜੈਵਲਿਨ ਥਰੋਅ ’ਚ ਲਗਾਤਾਰ ਤੀਜਾ ਸੋਨ ਤਗ਼ਮਾ ਜਿੱਤ ਕੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਭਾਰਤੀ ਅਥਲੀਟ ਬਣ ਗਿਆ ਹੈ। ਉਸ ਨੇ 2023 ਅਤੇ 2024 ਵਿੱਚ ਵੀ ਸੋਨ ਤਗ਼ਮੇ ਜਿੱਤੇ ਸਨ। ਅੱਜ ਭਾਰਤ ਨੇ ਕੁੱਲ ਦੋ ਸੋਨੇ ਅਤੇ ਦੋ ਚਾਂਦੀ ਦੇ ਤਗਮੇ ਜਿੱਤੇ। ਇਸ ਤਰ੍ਹਾਂ ਭਾਰਤ ਕੁੱਲ 4 ਸੋਨੇ, 4 ਚਾਂਦੀ ਅਤੇ 1 ਕਾਂਸੇ ਦੇ ਤਗ਼ਮੇ ਨਾਲ ਸੂਚੀ ਵਿੱਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਬ੍ਰਾਜ਼ੀਲ, ਪੋਲੈਂਡ ਅਤੇ ਚੀਨ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਕਾਬਜ਼ ਹਨ।

27 ਸਾਲਾ ਸੁਮਿਤ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ ਐੱਫ64 ਮੁਕਾਬਲੇ ਵਿੱਚ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 71.37 ਮੀਟਰ ਦੀ ਦੂਰੀ ਨਾਲ ਚੈਂਪੀਅਨਸ਼ਿਪ ਰਿਕਾਰਡ ਬਣਾਉਂਦਿਆਂ ਸੋਨ ਤਗ਼ਮਾ ਜਿੱਤਿਆ। ਇਸ ਦੌਰਾਨ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਵੀ ਉਸ ਦਾ ਹੌਸਲਾ ਵਧਾਉਣ ਲਈ ਸਟੇਡੀਅਮ ਵਿੱਚ ਮੌਜੂਦ ਸੀ। ਸੁਮਿਤ ਨੇ 2023 ਵਿੱਚ ਬਣਾਏ ਆਪਣੇ ਹੀ 70.83 ਮੀਟਰ ਦੇ ਚੈਂਪੀਅਨਸ਼ਿਪ ਰਿਕਾਰਡ ਨੂੰ ਤੋੜਿਆ।

Advertisement

ਇਸੇ ਤਰ੍ਹਾਂ ਸੰਦੀਪ ਸਰਗਰ ਨੇ ਵੀ ਪੁਰਸ਼ਾਂ ਦੇ ਜੈਵਲਿਨ ਥਰੋਅ ਐੱਫ44 ਮੁਕਾਬਲੇ ਵਿੱਚ 62.82 ਮੀਟਰ ਦੀ ਥਰੋਅ ਨਾਲ ਸੋਨ ਤਗ਼ਮਾ ਜਿਤਾਇਆ। ਸੰਦੀਪ ਸਿੰਘ ਨੇ ਵੀ ਇਸੇ ਮੁਕਾਬਲੇ ਵਿੱਚ 62.67 ਮੀਟਰ ਦੀ ਥਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।

ਇਸ ਤੋਂ ਪਹਿਲਾਂ ਦਿਨ ਦੇ ਸ਼ੁਰੂਆਤੀ ਸੈਸ਼ਨ ਵਿੱਚ ਯੋਗੇਸ਼ ਕਥੂਨੀਆ ਨੇ ਪੁਰਸ਼ਾਂ ਦੇ ਡਿਸਕਸ ਥਰੋਅ ਐੱਫ56 ਮੁਕਾਬਲੇ ਵਿੱਚ 42.49 ਮੀਟਰ ਦੀ ਥਰੋਅ ਨਾਲ ਇੱਕ ਹੋਰ ਚਾਂਦੀ ਦਾ ਤਗ਼ਮਾ ਜਿੱਤਿਆ। ਹਾਲਾਂਕਿ ਆਲਮੀ ਪੱਧਰ ’ਤੇ ਉਸ ਦੇ ਪਹਿਲੇ ਸੋਨ ਤਗ਼ਮੇ ਦਾ ਇੰਤਜ਼ਾਰ ਹਾਲੇ ਵੀ ਜਾਰੀ ਹੈ।

ਕਥੂਨੀਆ ਨੇ ਪੈਰਾਲੰਪਿਕ ਖੇਡਾਂ (2021 ਅਤੇ 2024) ਵਿੱਚ ਦੋ ਚਾਂਦੀ ਦੇ ਤਗ਼ਮਿਆਂ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣਾ ਲਗਾਤਾਰ ਤੀਜਾ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਸ ਨੇ 2023 ਅਤੇ 2024 ਵਿੱਚ ਵੀ ਦੋ ਚਾਂਦੀ ਦੇ ਤਗਮੇ ਜਿੱਤੇ ਸਨ, ਜਦਕਿ 2019 ਵਿੱਚ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ ਸੀ। ਉਸ ਨੇ 2023 ਦੀਆਂ ਹਾਂਗਜ਼ੂ ਏਸ਼ੀਅਨ ਪੈਰਾ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਵਿਸ਼ਵ ਰਿਕਾਰਡ ਧਾਰਕ ਬ੍ਰਾਜ਼ੀਲ ਦੇ ਸਟਾਰ ਖਿਡਾਰੀ ਕਲੌਡਨੀ ਬਤਿਸਤਾ ਨੇ 45.67 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਗ਼ਮਾ ਜਿੱਤਿਆ। ਉਸ ਦੇ ਸਾਰੇ ਛੇ ਥਰੋਅ ਕਥੂਨੀਆ ਦੇ ਦਿਨ ਦੇ ਸਰਵੋਤਮ ਪ੍ਰਦਰਸ਼ਨ ਤੋਂ ਬਿਹਤਰ ਸਨ। 2019 ਤੋਂ ਸ਼ੁਰੂ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਬਤਿਸਤਾ ਦਾ ਇਹ ਲਗਾਤਾਰ ਚੌਥਾ ਸੋਨ ਤਗ਼ਮਾ ਹੈ। ਉਹ ਪਿਛਲੀਆਂ ਤਿੰਨ ਪੈਰਾਲੰਪਿਕ ਖੇਡਾਂ ਤੋਂ ਸੋਨ ਤਗ਼ਮਾ ਜਿੱਤਦਾ ਆ ਰਿਹਾ ਹੈ।

Advertisement
Show comments