ਵਿਸ਼ਵ ਪੈਰਾ ਅਥਲੈਟਿਕਸ: ਬੁਲਗਾਰੀਆ ਦੇ ਰੁਝਦੀ ਨੇ ਸੋਨ ਤਗ਼ਮਾ ਜਿੱਤਿਆ
ਬੁਲਗਾਰੀਆ ਦੇ ਖਿਡਾਰੀ ਰੁਝਦੀ ਨੇ ਅੱਜ ਇੱਥੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਸ਼ਾਟਪੁਟ ਐੱਫ55 (ਗੋਲ ਸੁੱਟਣ ਦੇ) ਮੁਕਾਬਲੇ ’ਚ ਵਿਸ਼ਵ ਰਿਕਾਰਡ ਨਾਲ ਲਗਾਤਾਰ ਛੇਵਾਂ ਸੋਨ ਤਗ਼ਮਾ ਜਿੱਤਿਆ। ਰੁਝਦੀ (34) ਨੇ ਆਪਣੀ ਛੇਵੀਂ ਤੇ ਆਖਰੀ ਕੋਸ਼ਿਸ਼ ’ਚ 12.94 ਮੀਟਰ ਦੀ ਦੂਰੀ ਨਾਲ 12.68 ਮੀਟਰ ਦੇ ਆਪਣੇ ਹੀ ਪਿਛਲੇ ਵਿਸ਼ਵ ਰਿਕਾਰਡ ’ਚ ਸੁਧਾਰ ਕੀਤਾ ਜੋ ਉਸ ਨੇ ਪੈਰਿਸ ’ਚ ਬਣਾਇਆ ਸੀ। ਰੁਝਦੀ ਨੇ 2015 ਤੋਂ ਵਿਸ਼ਵ ਚੈਂਪੀਅਨਸ਼ਿਪ ਦੇ ਹਰ ਸੈਸ਼ਨ ’ਚ ਸੋਨ ਤਗ਼ਮਾ ਜਿੱਤਿਆ ਹੈ। ਉਸ ਨੇ ਤੀਜੀ ਵਾਰ ਵਿਸ਼ਵ ਰਿਕਾਰਡ ਨਾਲ ਖ਼ਿਤਾਬ ਜਿੱਤਿਆ। ਇਸ ਮੁਕਾਬਲੇ ’ਚ ਸਰਬੀਆ ਦੇ ਨੈਬੋਜਸਾ ਡੂਰਿਕ (12.52 ਮੀਟਰ) ਨੇ ਚਾਂਦੀ ਦਾ ਜਦਕਿ ਸਕਾਟਲੈਂਡ ਦੇ ਐੱਲ ਸਟੋਲਟਮੈਨ (12.02 ਮੀਟਰ) ਨੇ ਕਾਂਸੀ ਦੀ ਤਗ਼ਮਾ ਆਪਣੇ ਨਾਮ ਕੀਤਾ।
ਚੈਂਪੀਅਨਸ਼ਿਪ ਦੇ ਦੂਜੇ ਦਿਨ ਅੱਜ ਸਵੇਰ ਦੇ ਸੈਸ਼ਨ ’ਚ ਤਿੰਨ ਰਿਕਾਰਡ ਬਣੇ। ਮਲੇਸ਼ੀਆ ਦੇ ਅਬਦੁੱਲ ਲਤੀਫ਼ ਰੋਮਲੀ ਨੇ ਪੁਰਸ਼ਾਂ ਦੇ ਲੰਬੀ ਛਾਲ ਟੀ20 ਮੁਕਾਬਲੇ ’ਚ 7.67 ਮੀਟਰ ਦੀ ਛਾਲ ਮਾਰਦਿਆਂ ਸੋਨ ਤਗ਼ਮਿਆਂ ਦੀ ਹੈਟ੍ਰਿਕ ਬਣਾਈ ਜਦਕਿ ਯੂਕਰੇਨ ਦੇ ਵੋਲੋਦੀਮੀਰ ਪੋਨੋਮਰੈਂਕੋ ਨੇ ਪੁਰਸ਼ਾਂ ਦੇ ਸ਼ਾਟਪੁੱਟ ਟੀ12 ਮੁਕਾਬਲੇ ’ਚ 17.39 ਮੀਟਰ ਦੇ ਨਵੇਂ ਰਿਕਾਰਡ ਨਾਲ ਖ਼ਿਤਾਬ ਆਪਣੇ ਨਾਮ ਕੀਤਾ।
ਰੋਮਲੀ ਦਾ ਲੰਬੀ ਛਾਲ ਮੁਕਾਬਲੇ ’ਚ ਦਬਦਬਾ ਰਿਹਾ। ਇਸ ਮੁਕਾਬਲੇ ’ਚ ਉਸ ਨੇ 5 ਸੋਨ ਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ। ਅਲਜੀਰੀਆ ਦੀ ਨਸੀਮਾ ਸੈਫੀ ਨੇ ਔਰਤਾਂ ਦੇ ਡਿਸਕਸ ਥ੍ਰੋਅ ਐੱਫ57 ਮੁਕਾਬਲੇ ’ਚ 34.54 ਮੀਟਰ ਡਿਸਕਸ ਸੁੱਟਦਿਆਂ ਸੋਨ ਤਗ਼ਮਿਆਂ ਦੀ ਦੋਹਰੀ ਹੈਟ੍ਰਿਕ ਪੂਰੀ ਕੀਤੀ। ਚੀਨ ਦੀ ਟਿਆਨ ਯੂਸ਼ਿਨ ਨੇ 30.30 ਮੀਟਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਸਵਿਟਜ਼ਰਲੈਂਡ ਦੀ ਕੈਥਰੀਨ ਡੈਬਰੂਨਰ ਨੇ ਮਹਿਲਾ 5000 ਮੀਟਰ ਟੀ54 ਮੁਕਾਬਲੇ ’ਚ 12 ਮਿੰਟ 18.29 ਸਕਿੰਟਾਂ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਉਸ ਨੇ ਚੀਨ ਦੀ ਟਿਆਨ ਯਾਜੁਆਨ ਤੇ ਆਪਣੀ ਹੀ ਟੀਮ ਦੀ ਪੈਟਰੀਸ਼ੀਆ ਐਚੁਸ ਨੂੰ ਹਰਾਇਆ।