ਵਿਸ਼ਵ ਜੂਨੀਅਰ ਬੈਡਮਿੰਟਨ: ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ
ਭਾਰਤ ਨੇ ਅੱਜ ਇੱਥੇ ਸੁਹਾਨਦੀਨਾਤਾ ਕੱਪ ਲਈ ਹੋ ਰਹੀ ਬੀ ਡਬਲਿਊ ਐੱਫ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਿਕਸਡ ਟੀਮ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ੍ਰੀਲੰਕਾ ਨੂੰ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਆਪਣੇ ਗਰੁੱਪ ‘ਐੱਚ’ ਦੇ ਮੁਕਾਬਲੇ ਵਿੱਚ ਨਾਕਆਊਟ ਗੇੜ ਦੇ ਹੋਰ ਨੇੜੇ ਪਹੁੰਚ ਗਿਆ ਹੈ। ਗਰੁੱਪ ‘ਐੱਚ’ ਵਿੱਚ ਸਿਖਰ ’ਤੇ ਰਹਿਣ ਦੀ ਮਜ਼ਬੂਤ ਦਾਅਵੇਦਾਰ ਭਾਰਤੀ ਟੀਮ ਨੇ ਉਮੀਦਾਂ ’ਤੇ ਖਰਾ ਉਤਰਦਿਆਂ ਸ੍ਰੀਲੰਕਾ ਨੂੰ 45-27, 45-21 ਨਾਲ ਹਰਾਇਆ। ਮੈਚ ਵਿੱਚ ਲਲਥਾਜ਼ੁਆਲਾ ਹਮਾਰ ਨੇ ਲੜਕਿਆਂ ਦੇ ਸਿੰਗਲਜ਼ ਵਿੱਚ ਕੇਨੇਥ ਅਰੂਗੋਡਾ ਨੂੰ 9-2 ਨਾਲ ਹਰਾ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਇਸ ਤੋਂ ਬਾਅਦ ਭਵਿਆ ਛਾਬੜਾ ਅਤੇ ਮਿਥੀਲੇਸ਼ ਪੀ ਕ੍ਰਿਸ਼ਨਨ ਨੇ ਲੀਡ 18-6 ਤੱਕ ਪਹੁੰਚਾ ਦਿੱਤੀ। ਲੜਕੀਆਂ ਦੇ ਸਿੰਗਲਜ਼ ਵਿੱਚ ਰਕਸ਼ਿਤਾ ਸ੍ਰੀ, ਰਾਨਿਥਮਾ ਲਿਆਨਾਗੇ ਖ਼ਿਲਾਫ਼ 3-8 ਨਾਲ ਪਿੱਛੇ ਚੱਲ ਰਹੀ ਸੀ, ਪਰ ਫਿਰ ਉਸ ਨੇ ਸ਼ਾਨਦਾਰ ਵਾਪਸੀ ਕੀਤੀ। ਅੰਤ ਵਿੱਚ ਸੀ ਲਾਲਰਾਮਸਾਂਗਾ ਅਤੇ ਤਾਰਿਨੀ ਸੁਰੀ ਨੇ ਪਹਿਲਾ ਸੈੱਟ 45-27 ਨਾਲ ਜਿੱਤ ਲਿਆ। ਦੂਜੇ ਸੈੱਟ ਵਿੱਚ ਵੀ ਭਾਰਤ ਦਾ ਦਬਦਬਾ ਕਾਇਮ ਰਿਹਾ ਅਤੇ ਟੀਮ ਨੇ 45-21 ਨਾਲ ਸੈੱਟ ਅਤੇ ਮੈਚ ਆਸਾਨੀ ਨਾਲ ਆਪਣੇ ਨਾਂ ਕਰ ਲਿਆ।