World Athletics Championship: ਨੀਰਜ ਚੋਪੜਾ ਤੇ ਅਰਸ਼ਦ ਨਦੀਮ ਭਲਕੇ ਹੋਣਗੇ ਆਹਮੋ-ਸਾਹਮਣੇ
ਟੋਕੀਓ ਵਿੱਚ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ (World Athletics Championships) ਵਿੱਚ ਪੁਰਸ਼ਾਂ ਦੇ ਜੈਵਲਿਨ ਫਾਈਨਲ ਵਿੱਚ ਭਾਰਤ ਬਨਾਮ ਪਾਕਿਸਤਾਨ ਮੁਕਾਬਲੇ ਦਾ ਇੱਕ ਹੋਰ ਦੌਰ ਦੇਖਣ ਨੂੰ ਮਿਲੇਗਾ, ਜਦੋਂ ਮੌਜੂਦਾ ਵਿਸ਼ਵ ਚੈਂਪੀਅਨ (World Champion) ਨੀਰਜ ਚੋਪੜਾ ਦਾ ਮੁਕਾਬਲਾ ਮੌਜੂਦਾ ਓਲੰਪਿਕ ਚੈਂਪੀਅਨ (Olympic Champion) ਅਰਸ਼ਦ ਨਦੀਮ ਨਾਲ ਹੋਵੇਗਾ।
ਗਰੁੱਪ ‘ਏ’ ਕੁਆਲੀਫਿਕੇਸ਼ਨ ਗਰੁੱਪ ਵਿੱਚ ਸ਼ਾਮਲ ਨੀਰਜ ਨੇ ਵੀਰਵਾਰ ਸ਼ਾਮ ਨੂੰ ਹੋਣ ਵਾਲੇ ਫਾਈਨਲ ਲਈ ਕੁਆਲੀਫਾਈ ਕਰਨ ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ 84.50 ਮੀਟਰ ਦਾ ਥਰੋਅ ਸੁੱਟ ਕੇ 84 ਮੀਟਰ ਦਾ ਕੁਆਲੀਫਿਕੇਸ਼ਨ ਮਾਅਰਕਾ ਪਾਰ ਕਰ ਲਿਆ ਹੈ।
ਉਧਰ, ਅਰਸ਼ਦ ਦਾ ਪ੍ਰਦਰਸ਼ਨ ਖ਼ਾਸ ਨਹੀਂ ਸੀ ਅਤੇ ਉਸ ’ਤੇ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਸੀ ਕਿਉਂਕਿ ਉਸਦਾ ਸਰਵੋਤਮ ਥਰੋਅ 76.99 ਮੀਟਰ ਸੀ। ਹਾਲਾਂਕਿ, ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ 85.28 ਮੀਟਰ ਦੀ ਕੋਸ਼ਿਸ਼ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ। ਭਾਰਤ ਦੇ ਸਚਿਨ ਯਾਦਵ ਨੇ ਵੀ 83.67 ਮੀਟਰ ਦੇ ਸਰਵੋਤਮ ਯਤਨ ਨਾਲ ਫਾਈਨਲ ਲਈ ਕੁਆਲੀਫਾਈ ਕਰ ਲਿਆ। ਇਸ ਤਰ੍ਹਾਂ ਉਸਨੂੰ ਫਾਈਨਲ ਲਈ ਚੋਟੀ ਦੇ 12 ਲਾਈਨ ਅੱਪ ਵਿੱਚ ਥਾਂ ਬਣਾਉਣ ਵਿੱਚ ਮਦਦ ਮਿਲੀ।
ਗ੍ਰੇਨਾਡਾ ਦੇ ਸਾਬਕਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੇ 89.53 ਮੀਟਰ ਦਾ ਥਰੋਅ ਕਰ ਕੇ ਸਰਵੋਤਮ ਪ੍ਰਦਰਸ਼ਨ ਕੀਤਾ। ਇਹ ਫਾਈਨਲ ਵਿੱਚ ਪਹੁੰਚਣ ਲਈ ਇੱਕ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਹੈ। ਇਸੇ ਤਰ੍ਹਾਂ ਜਰਮਨੀ ਦੇ ਜੂਲੀਅਨ ਵੈੱਬਰ ਨੇ 87.21 ਮੀਟਰ ਦਾ ਥਰੋਅ ਕੀਤਾ। ਕੀਨੀਆ ਦੇ ਜੂਲੀਅਸ ਯੇਗੋ ਅਤੇ ਚੈੱਕ ਗਣਰਾਜ ਦੇ ਜੈਕਬ ਵਾਡਲੈੱਚ ਦਾ ਪ੍ਰਦਰਸ਼ਨ ਵੀ ਇਸੇ ਤਰ੍ਹਾਂ ਦਾ ਰਿਹਾ।
ਜਰਮਨੀ ਦੇ ਬੁਡਾਪੇਸਟ ਵਿੱਚ ਹੋਈ ਪਿਛਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਨੀਰਜ ਨੇ 88.17 ਮੀਟਰ ਦਾ ਥਰੋਅ ਦਰਜ ਕਰਕੇ ਸੋਨ ਤਗਮਾ ਜਿੱਤਿਆ ਸੀ, ਜਦੋਂਕਿ ਅਰਸ਼ਦ 87.82 ਮੀਟਰ ਦੇ ਥਰੋਅ ਨਾਲ ਦੂਜੇ ਸਥਾਨ ’ਤੇ ਰਿਹਾ। ਵਾਡਲੈੱਚ ਨੇ 86.67 ਮੀਟਰ ਥਰੋਅ ਨਾਲ ਤੀਜੇ ਸਥਾਨ ਹਾਸਲ ਕੀਤਾ।
ਹਾਲਾਂਕਿ, ਅਰਸ਼ਦ ਨੇ 92.97 ਮੀਟਰ ਦੇ ਥਰੋਅ ਨਾਲ ਓਲੰਪਿਕ ਰਿਕਾਰਡ ਤੋੜਦਿਆਂ ਸੋਨ ਤਗਮਾ ਜਿੱਤਿਆ ਸੀ। ਨੀਰਜ ਨੂੰ 89.45 ਮੀਟਰ ਦੇ ਆਪਣੇ ਸਰਵੋਤਮ ਥਰੋਅ ਨਾਲ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਉਸ ਨੇ ਆਪਣੇ ਇੱਕੋ-ਇੱਕ ਸਫ਼ਲ ਯਤਨ ਨਾਲ ਇਹ ਤਗ਼ਮਾ ਹਾਸਲ ਕੀਤਾ ਸੀ, ਜਦੋਂ ਬਾਕੀ ਪੰਜ ਕੋਸ਼ਿਸ਼ਾਂ ਫਾਊਲ ਰਹੀਆਂ ।
ਨੀਰਜ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲਾ ਤੀਜਾ ਪੁਰਸ਼ ਜੈਵਲਿਨ ਥ੍ਰੋਅਰ ਬਣਨ ਦੀ ਕੋਸ਼ਿਸ਼ ਵਿੱਚ ਹੈ। ਉਸਦੇ ਮੌਜੂਦਾ ਕੋਚ ਜਾਨ ਜ਼ੇਲੈਜ਼ਨੀ (1993, 1995) ਅਤੇ ਪੀਟਰਸ (2019, 2022) ਦੋ ਹੋਰ ਖਿਡਾਰੀ ਹਨ, ਜਿਨ੍ਹਾਂ ਨੇ ਲਗਾਤਾਰ ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕੀਤਾ ।