ਮਹਿਲਾ ਵਿਸ਼ਵ ਕੱਪ ਕ੍ਰਿਕਟ: ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਮੁਕਾਬਲਾ ਅੱਜ
ਸੱਤ ਵਾਰ ਦੀ ਚੈਂਪੀਅਨ ਆਸਟਰੇਲੀਆ ਦੀ ਟੀਮ ਆਈ ਸੀ ਸੀ ਮਹਿਲਾ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਬੁੱਧਵਾਰ ਨੂੰ ਨਿਊਜ਼ੀਲੈਂਡ ਦੀ ਤਜਰਬੇਕਾਰ ਟੀਮ ਖ਼ਿਲਾਫ਼ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਨਾ ਚਾਹੇਗੀ। ਮੈਚ ਬਾਅਦ ਦੁਪਹਿਰ 3 ਵਜੇ ਤੋਂ ਸ਼ੁਰੂ ਹੋਵੇਗਾ। ਮੌਜੂਦਾ ਟੀ-20 ਚੈਂਪੀਅਨ ਨਿਊਜ਼ੀਲੈਂਡ ਤੋਂ ਉਸ ਨੂੰ ਸਖ਼ਤ ਚੁਣੌਤੀ ਮਿਲੇਗੀ, ਪਰ ਆਸਟਰੇਲੀਆ ਨੂੰ ਆਪਣੀਆਂ ਅੰਦਰੂਨੀ ਚੁਣੌਤੀਆਂ ਨਾਲ ਵੀ ਨਜਿੱਠਣਾ ਪਵੇਗਾ।
ਆਸਟਰੇਲੀਆ ਲਈ ਟੀਮ ਦੀਆਂ ਲੋੜਾਂ ਅਨੁਸਾਰ ਸੰਤੁਲਨ ਬਣਾਉਣਾ ਸਭ ਤੋਂ ਵੱਡੀ ਪਰੇਸ਼ਾਨੀ ਹੈ। ਖੱਬੇ ਹੱਥ ਦੀ ਸਪਿੰਨਰ ਸੋਫੀ ਮੋਲਿਨੂ ਅਤੇ ਲੈੱਗ ਸਪਿੰਨਰ ਜੌਰਜੀਆ ਵੇਅਰਹੈਮ ਆਪਣੀਆਂ ਸੱਟਾਂ ਤੋਂ ਉੱਭਰ ਚੁੱਕੀਆਂ ਹਨ। ਹੁਣ ਆਸਟਰੇਲੀਆ ਦੀ ਟੀਮ ਮੈਨੇਜਮੈਂਟ ਨੂੰ ਦੇਖਣਾ ਪਵੇਗਾ ਕਿ ਉਨ੍ਹਾਂ ਨੂੰ ਆਖਰੀ ਗਿਆਰਾਂ ਵਿੱਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ। ਤੇਜ਼ ਗੇਂਦਬਾਜ਼ੀ ਵਿੱਚ ਵੀ ਆਸਟਰੇਲੀਆ ਕੋਲ ਮੇਗਨ ਸ਼ੂਟ, ਅਨਾਬੇਲ ਸਦਰਲੈਂਡ, ਐਲਿਸ ਪੈਰੀ, ਤਾਹਲੀਆ ਮੈਕਗ੍ਰਾ ਅਤੇ ਡਾਰਸੀ ਬ੍ਰਾਊਨ ਵਰਗੀਆਂ ਖਿਡਾਰਨਾਂ ਮੌਜੂਦ ਹਨ।
ਬੱਲੇਬਾਜ਼ੀ ਵਿੱਚ ਬੈਥ ਮੂਨੀ, ਫੀਬੀ ਲਿਚਫੀਲਡ ਅਤੇ ਐਸ਼ਲੇ ਗਾਰਡਨਰ ਦੇ ਨਾਲ ਕਪਤਾਨ ਐਲਿਸਾ ਹੀਲੀ ਨੂੰ ਅੱਗੇ ਹੋ ਕੇ ਅਗਵਾਈ ਕਰਨੀ ਹੋਵੇਗੀ। ਭਾਰਤ ਖ਼ਿਲਾਫ਼ ਬ੍ਰਿਸਬੇਨ ਵਿੱਚ 87 ਗੇਂਦਾਂ ਵਿੱਚ 101 ਦੌੜਾਂ ਬਣਾਉਣ ਵਾਲੀ ਜੌਰਜੀਆ ਵੋਲ ਵੀ ਟੀਮ ਵਿੱਚ ਹੈ, ਜੋ ਬੱਲੇਬਾਜ਼ੀ ਨੂੰ ਹੋਰ ਮਜ਼ਬੂਤ ਕਰੇਗੀ। ਆਸਟਰੇਲੀਆ ਨੇ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਭਾਰਤ ਨੂੰ ਲੜੀ ਵਿੱਚ 2-1 ਨਾਲ ਹਰਾ ਕੇ ਆਪਣੀ ਬੱਲੇਬਾਜ਼ੀ ਨੂੰ ਹੋਰ ਮਜ਼ਬੂਤ ਕੀਤਾ ਹੈ। ਦੂਜੇ ਪਾਸੇ ਨਿਊਜ਼ੀਲੈਂਡ ਨੂੰ ਆਸਟਰੇਲੀਆ ਦੀ ਇਸ ਮਜ਼ਬੂਤ ਟੀਮ ਨੂੰ ਹਰਾਉਣ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ।