ਮਹਿਲਾ ਟੀਮ ਦੇ ਕੋਚ ਅਮੋਲ ਦਾ ‘ਚੱਕ ਦੇ’ ਪਲ; ਭਾਰਤ ਦੀ ਝੋਲੀ ਪਾਇਆ ਵਿਸ਼ਵ ਕੱਪ
ਪਰਦੇ ਪਿੱਛੇ ਰਹਿ ਕੇ ਭਾਰਤੀ ਟੀਮ ਦੇ ਰਾਹ ਦਸੇਰਾ ਬਣੇ ਅਮੋਲ ਮਜ਼ੂਮਦਾਰ ਨੂੰ ਆਖਰਕਾਰ ਆਪਣੀ ਸ਼ਾਨ ਦਾ ਪਲ ਮਿਲ ਗਿਆ ਹੈ। ਇਹ ਬੱਲੇ ਨਾਲ ਨਹੀਂ ਹੋਇਆ, ਸਗੋਂ ਉਸ ਦੀ ਕੋਚਿੰਗ ਨਿਪੁੰਨਤਾ ਕਾਰਨ ਹੋਇਆ, ਜਿਸ ਨੇ ਭਾਰਤੀ ਮਹਿਲਾ ਟੀਮ ਨੂੰ ਉਨ੍ਹਾਂ ਦੇ ਪਹਿਲੇ ਇੱਕ ਰੋਜ਼ਾ ਵਿਸ਼ਵ ਕੱਪ ਦੀ ਜਿੱਤ ਤੱਕ ਪਹੁੰਚਾਇਆ।
ਅਮੋਲ ਮਜ਼ੂਮਦਾਰ ਦੀ ਕਹਾਣੀ ‘ਚੱਕ ਦੇ! ਇੰਡੀਆ’ ਦੀ ਰੀਲ-ਟੂ-ਰੀਅਲ ਵਰਜ਼ਨ ਵਰਗੀ ਲੱਗਦੀ ਹੈ। ਇੱਕ ਸਮੇਂ ਭਾਰਤੀ ਕ੍ਰਿਕਟ ਵਿੱਚ ਅਗਲੀ ਕਤਾਰ ਵਿੱਚ ਮੰਨੇ ਜਾਂਦੇ, ਮੁੰਬਈ ਦੇ ਇਸ ਸੱਜੇ ਹੱਥ ਦੇ ਬੱਲੇਬਾਜ਼ ਨੇ ਘਰੇਲੂ ਕ੍ਰਿਕਟ ਵਿੱਚ ਬਹੁਤ ਦੌੜਾਂ ਬਣਾਈਆਂ, ਪਰ ਕਦੇ ਵੀ ਭਾਰਤੀ ਟੀਮ ਦੀ ਜਰਸੀ ਪਾਉਣ ਦਾ ਮੌਕਾ ਨਹੀਂ ਮਿਲਿਆ।
ਫਸਟ-ਕਲਾਸ ਕ੍ਰਿਕਟ ਵਿੱਚ ਸ਼ਾਨਦਾਰ ਅੰਕੜੇ ਹੋਣ ਦੇ ਬਾਵਜੂਦ ਸਾਲਾਂ ਤੱਕ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਮਜ਼ੂਮਦਾਰ ਦੀ ਨਿਰਾਸ਼ਾ ਨੂੰ ਇੱਕ ਆਸ਼ਾ ਮਿਲੀ ਅਤੇ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਵਜੋਂ ਉੱਭਰੇ।
49 ਸਾਲਾ ਮਜ਼ੂਮਦਾਰ ਨੇ 171 ਫਸਟ-ਕਲਾਸ ਮੈਚਾਂ ਵਿੱਚ 30 ਸੈਂਕੜਿਆਂ ਅਤੇ 60 ਅਰਧ-ਸੈਂਕੜਿਆਂ ਸਮੇਤ 48.13 ਦੀ ਔਸਤ ਨਾਲ 11,167 ਦੌੜਾਂ ਬਣਾਈਆਂ। ਸਭ ਤੋਂ ਵਧੀਆ ਮਿਡਲ-ਆਰਡਰ ਬੱਲੇਬਾਜ਼ਾਂ ਵਿੱਚੋਂ ਗਿਣੇ ਜਾਦ ਤੋਂ ਬਾਅਦ ਉਸ ਨੂੰ ਕਦੇ ਭਾਰਤੀ ਟੀਮ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ। ਸੰਨਿਆਸ ਤੋਂ ਬਾਅਦ ਉਹ ਕੋਚਿੰਗ ਵੱਲ ਮੁੜੇ ਪਹਿਲਾਂ ਮੁੰਬਈ ਅਤੇ ਰਾਜਸਥਾਨ ਰਾਇਲਜ਼ ਵਿਚ ਸਲਾਹਕਾਰ ਰਹੇ ਅਤੇ ਬਾਅਦ ਵਿੱਚ ਭਾਰਤੀ ਮਹਿਲਾ ਟੀਮ ਦੀ ਕਮਾਨ ਸੰਭਾਲੀ।
ਜਦੋਂ ਮਜ਼ੂਮਦਾਰ ਨੇ ਅਹੁਦਾ ਸੰਭਾਲਿਆ ਤਾਂ ਮਹਿਲਾ ਟੀਮ ਸੰਘਰਸ਼ ਕਰ ਰਹੀ ਸੀ। ਲਗਾਤਾਰ ਹਾਰਾਂ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ’ਤੇ ਸਵਾਲ ਉੱਠ ਰਹੇ ਸਨ। ਹਾਲਾਂਕਿ ਮਜ਼ੂਮਦਾਰ ਨੇ ਟੀਮ ਵਿੱਚ ਮਜ਼ਬੂਤੀ ਦੇਖੀ। ਮੁੰਬਈ ਦੇ ਇਸ ਖਿਡਾਰੀ ਨੇ ਮੈਚ ਤੋਂ ਬਾਅਦ ਇੱਕ ਇੰਟਰਵਿਊ ਵਿੱਚ ਕਿਹਾ, ‘‘ਇਸ ਲਈ ਨਹੀਂ ਹਾਰ ਰਹੇ ਸੀ ਕਿਉਂਕਿ ਅਸੀਂ ਮਾੜੇ ਸੀ, ਇਸ ਲਈ ਹਾਰ ਰਹੇ ਸੀ ਕਿਉਂਕਿ ਅਸੀਂ ਭੁੱਲ ਗਏ ਸੀ ਕਿ ਜਿੱਤ ਦੇ ਕਿੰਨੇ ਨੇੜੇ ਸੀ।’’
ਹਰਮਨਪ੍ਰੀਤ ਕੌਰ ਅਤੇ ਉਪ-ਕਪਤਾਨ ਸਮ੍ਰਿਤੀ ਮੰਧਾਨਾ ਦੇ ਨਾਲ ਮਿਲ ਕੇ ਉਸ ਨੇ ਟੀਮ ਦੀ ਮਾਨਸਿਕਤਾ ਨੂੰ ਮੁੜ ਮਜ਼ਬੂਤ ਕੀਤਾ ਅਤੇ ਉਨ੍ਹਾਂ ਵਿੱਚ ਵਿਸ਼ਵਾਸ ਅਤੇ ਜਿੱਤ ਦੀ ਭੁੱਖ ਪੈਦਾ ਕੀਤੀ।
ਘੱਟ ਬੋਲਣ ਵਾਲੇ ਅਤੇ ਸਖ਼ਤ ਮਿਹਨਤ ਕਰਵਾਉਣ ਵਾਲੇ ਵਿਅਕਤੀ ਵਜੋਂ ਜਾਣੇ ਜਾਂਦੇ ਮਜ਼ੂਮਦਾਰ ਨੇ ਜਿੱਤ ਤੋਂ ਬਾਅਦ ਮੰਨਿਆ ਕਿ ਇਸ ਸਫ਼ਰ ਨੇ ਉਨ੍ਹਾਂ ਦੇ ਹਰ ਸੰਕਲਪ ਦੀ ਪਰਖ ਕੀਤੀ। ਉਨ੍ਹਾਂ ਕਿਹਾ, ‘‘ਲਗਾਤਾਰ ਤਿੰਨ ਮੈਚ ਬਹੁਤ ਘੱਟ ਫਰਕ ਨਾਲ ਹਾਰਨ ਕਾਰਨ ਸਾਡਾ ਮਨੋਬਲ ਟੁੱਟ ਗਿਆ ਸੀ ਪਰ ਹਰਮਨ ਅਤੇ ਮੈਂ ਜਾਣਦੇ ਸੀ ਕਿ ਅਸੀਂ ਕਿਸੇ ਖਾਸ ਚੀਜ਼ ਤੋਂ ਬਸ ਕੁੱਝ ਦੀ ਦੂਰੀ ’ਤੇ ਹਾਂ।’’
ਫਾਈਨਲ ਤੋਂ ਪਹਿਲਾਂ ਮਜ਼ੂਮਦਾਰ ਟੀਮ ਨੂੰ ਚੈਂਪੀਅਨਸ਼ਿਪ ਦੇ ਸਥਾਨ ਡੀ.ਵਾਈ. ਪਾਟਿਲ ਸਟੇਡੀਅਮ ਲੈ ਕੇ ਗਏ ਅਤੇ ਉਨ੍ਹਾਂ ਨੂੰ ਵਿਸ਼ਵ ਕੱਪ ਚੁੱਕਣ ਦੀ ਕਲਪਨਾ ਕਰਨ ਲਈ ਕਿਹਾ। ਮਜ਼ੂਮਦਾਰ ਨੇ ਉਨ੍ਹਾਂ ਨੂੰ ਕਿਹਾ, "ਅੱਖਾਂ ਬੰਦ ਕਰੋ। ਕਲਪਨਾ ਕਰੋ ਕਿ ਇਹ ਕਿਹੋ ਜਿਹਾ ਲੱਗੇਗਾ, ਇਹ ਕਿਹੋ ਜਿਹਾ ਮਹਿਸੂਸ ਹੋਵੇਗਾ।" ਟੀਮ ਨੇ ਅਜਿਹਾ ਹੀ ਕੀਤਾ ਅਤੇ ਕੁਝ ਦਿਨਾਂ ਬਾਅਦ ਇਹ ਕਲਪਨਾ ਨੂੰ ਹਕੀਕਤ ਵਿੱਚ ਬਦਲ ਦਿੱਤਾ।
ਮਜ਼ੂਮਦਾਰ ਨੇ ਜਿੱਤ ਤੋਂ ਬਾਅਦ ਕਿਹਾ, ‘‘ਇਹ ਭਾਰਤੀ ਕ੍ਰਿਕਟ ਲਈ ਇੱਕ ਮਹੱਤਵਪੂਰਨ ਪਲ ਹੈ। ਇਹ ਸਿਰਫ਼ ਟਰਾਫੀ ਜਿੱਤਣ ਬਾਰੇ ਨਹੀਂ ਹੈ; ਇਹ ਸਾਡੀ ਖੇਡ ਦੇ ਵਿਕਾਸ ਬਾਰੇ ਹੈ। ਇਸ ਟੀਮ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਭਾਰਤੀ ਮਹਿਲਾ ਕ੍ਰਿਕਟ ਕੀ ਬਣ ਸਕਦੀ ਹੈ।’’
