ਮਹਿਲਾ ਟੀ-20: ਭਾਰਤ ਨੇ ਇੰਗਲੈਂਡ ਨੂੰ 24 ਦੌੜਾਂ ਨਾਲ ਹਰਾਇਆ
ਬ੍ਰਿਸਟਲ, 2 ਜੁਲਾਈ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅਮਨਜੋਤ ਕੌਰ ਅਤੇ ਜੈਮਿਮਾ ਰੌਡਰਿਗਜ਼ ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਬੀਤੀ ਦੇਰ ਰਾਤ ਇੱਥੇ ਦੂਜੇ ਟੀ-20 ਕੌਮਾਂਤਰੀ ਮੈਚ ਵਿੱਚ ਇੰਗਲੈਂਡ ਨੂੰ 24 ਦੌੜਾਂ ਨਾਲ ਹਰਾ ਦਿੱਤਾ। ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠਲੀ ਭਾਰਤੀ ਟੀਮ ਨੇ ਇਸ ਜਿੱਤ ਨਾਲ ਪੰਜ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਲੈ ਲਈ ਹੈ। ਟੀਮ ਨੇ ਪਹਿਲਾ ਮੈਚ ਰਿਕਾਰਡ 97 ਦੌੜਾਂ ਨਾਲ ਜਿੱਤਿਆ ਸੀ। ਅਮਨਜੋਤ (40 ਗੇਂਦਾਂ ’ਤੇ ਨਾਬਾਦ 63 ਦੌੜਾਂ) ਨੇ ਆਪਣਾ ਪਹਿਲਾ ਟੀ-20 ਨੀਮ ਸੈਂਕੜਾ ਲਗਾਇਆ, ਜਦਕਿ ਰੌਡਰਿਗਜ਼ ਨੇ 41 ਗੇਂਦਾਂ ’ਤੇ 63 ਦੌੜਾਂ ਦਾ ਯੋਗਦਾਨ ਪਾਇਆ, ਜਿਸ ਨਾਲ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਚਾਰ ਵਿਕਟਾਂ ’ਤੇ 181 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਮਗਰੋਂ ਸਪਿੰਨਰਾਂ ਦੀ ਅਗਵਾਈ ਹੇਠ ਭਾਰਤੀ ਗੇਂਦਬਾਜ਼ਾਂ ਨੇ ਟੈਮੀ ਬਿਊਮੋਂਟ ਦੀਆਂ 35 ਗੇਂਦਾਂ ਵਿੱਚ 54 ਦੌੜਾਂ ਦੇ ਬਾਵਜੂਦ ਇੰਗਲੈਂਡ ਨੂੰ ਸੱਤ ਵਿਕਟਾਂ ’ਤੇ 157 ਦੌੜਾਂ ’ਤੇ ਹੀ ਰੋਕ ਦਿੱਤਾ। ਪਹਿਲੀ ਵਾਰ ਕਿਸੇ ਟੀਮ ਨੇ ਬ੍ਰਿਸਟਲ ਵਿੱਚ ਇੰਗਲੈਂਡ ਨੂੰ ਟੀ-20 ਮੁਕਾਬਲੇ ਵਿੱਚ ਹਰਾਇਆ ਹੈ। ਭਾਰਤ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਓਪਨਰ ਸ਼ੈਫਾਲੀ ਵਰਮਾ 3 ਦੌੜਾਂ, ਪਿਛਲੇ ਮੈਚ ਵਿੱਚ ਸੈਂਕੜਾ ਜੜਨ ਵਾਲੀ ਸਮ੍ਰਿਤੀ ਮੰਧਾਨਾ 13 ਦੌੜਾਂ ਅਤੇ ਕਪਤਾਨ ਹਰਮਨਪ੍ਰੀਤ ਸਿਰਫ 1 ਦੌੜ ਬਣਾ ਕੇ ਪਾਵਰਪਲੇਅ ਦੇ ਅੰਦਰ ਹੀ ਆਊਟ ਹੋ ਗਈਆਂ। ਬਾਅਦ ਵਿੱਚ ਰੌਡਰਿਗਜ਼ ਅਤੇ ਅਮਨਜੋਤ ਨੇ ਚੌਥੀ ਵਿਕਟ ਲਈ 93 ਦੌੜਾਂ ਜੋੜ ਕੇ ਵੱਡੇ ਸਕੋਰ ਦੀ ਨੀਂਹ ਰੱਖੀ। -ਪੀਟੀਆਈ