ਮਹਿਲਾ ਪ੍ਰੀਮੀਅਰ ਲੀਗ ਦਾ ਭਾਰਤ ਦੀ ਜਿੱਤ ’ਚ ਅਹਿਮ ਯੋਗਦਾਨ: ਮਜੂਮਦਾਰ
ਬਰਮਿੰਘਮ, 13 ਜੁਲਾਈ
ਭਾਰਤੀ ਕੋਚ ਅਮੋਲ ਮਜੂਮਦਾਰ ਨੇ ਇੰਗਲੈਂਡ ਖ਼ਿਲਾਫ਼ ਪਹਿਲੀ ਵਾਰ ਮਹਿਲਾ ਟੀ-20 ਲੜੀ ਜਿੱਤਣ ਦੀ ਇਤਿਹਾਸਕ ਉਪਲੱਬਧੀ ਦਾ ਸਿਹਰਾ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਨੂੰ ਦਿੰਦਿਆਂ ਕਿਹਾ ਕਿ ਇਸ ਨੇ ਖਿਡਾਰਨਾਂ ਦੀ ਪ੍ਰਗਤੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਮੁਕਾਬਲੇਬਾਜ਼ੀ ਵਾਲੇ ਘਰੇਲੂ ਟੂਰਨਾਮੈਂਟ ਨੂੰ ਵੀ ਦਿੱਤਾ। ਭਾਰਤ ਸ਼ਨਿਚਰਵਾਰ ਨੂੰ ਪੰਜਵਾਂ ਅਤੇ ਆਖ਼ਰੀ ਮੈਚ ਹਾਰ ਗਿਆ ਪਰ ਲੜੀ 3-2 ਨਾਲ ਆਪਣੇ ਨਾਮ ਕਰ ਲਈ। ਮਜੂਮਦਾਰ ਨੇ ਪੰਜਵੇਂ ਟੀ-20 ਵਿੱਚ ਭਾਰਤ ਦੀ ਪੰਜ ਵਿਕਟਾਂ ਨਾਲ ਹਾਰ ਮਗਰੋਂ ਕਿਹਾ, ‘‘ਡਬਲਿਊਪੀਐੱਲ ਖਿਡਾਰੀਆਂ ਦੀ ਪ੍ਰਗਤੀ ਦਾ ਇੱਕ ਅਹਿਮ ਹਿੱਸਾ ਰਿਹਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਭਾਰਤ ਵਿੱਚ ਹੋਰ ਵੀ ਟੂਰਨਾਮੈਂਟ ਹਨ ਜਿਨ੍ਹਾਂ ’ਤੇ ਸਾਡੀ ਨਜ਼ਰ ਹੈ। ਇਨ੍ਹਾਂ ਵਿੱਚ ਕਈ ਘਰੇਲੂ ਖਿਡਾਰਨਾਂ ਖੇਡ ਰਹੀਆਂ ਹਨ।’’ ਉਨ੍ਹਾਂ ਕਿਹਾ, ‘‘ਡਬਲਿਊਪੀਐੱਲ ਬੀਸੀਸੀਆਈ ਦੀ ਪਹਿਲਕਦਮੀ ਦਾ ਇੱਕ ਹਿੱਸਾ ਹੈ। ਹਾਲਾਂਕਿ, ਇਸ ਦੇ ਨਾਲ ਹੀ ਹੋਰ ਵੀ ਟੂਰਨਾਮੈਂਟ ਹਨ ਜੋ ਅਹਿਮ ਹਨ।’’ ਭਾਰਤੀ ਟੀਮ ਵਿੱਚ ਪਹਿਲੀ ਵਾਰ ਖੇਡ ਰਹੀ ਸਪਿੰਨਰ ਸ੍ਰੀ ਚਰਨੀ ਨੇ ਇਸ ਦੌਰਾਨ ਦਸ ਵਿਕਟਾਂ ਲੈ ਕੇ ਲੜੀ ਜਿੱਤਣ ਵਿੱਚ ਮੁੱਖ ਭੂਮਿਕਾ ਨਿਭਾਈ। ਮਜੂਮਦਾਰ ਨੇ ਕਿਹਾ ਕਿ ਡਬਲਿਊਪੀਐੱਲ ਰਾਹੀਂ ਇਸ ਖਿਡਾਰਨ ਦੀ ਚੋਣ ਕੀਤੀ ਗਈ। -ਪੀਟੀਆਈ