ਮਹਿਲਾ ਹਾਕੀ ਏਸ਼ੀਆ ਕੱਪ: ਭਾਰਤ ਨੂੰ ਫਾਈਨਲ ਦਾ ਟਿਕਟ ਕਟਾਉਣ ਲਈ ਜਾਪਾਨ ਖਿਲਾਫ਼ ਮੌਕਿਆਂ ਦਾ ਫਾਇਦਾ ਲੈਣਾ ਹੋਵੇਗਾ
ਪਿਛਲੇ ਮੈਚ ਵਿਚ ਚੀਨ ਤੋਂ 1-4 ਨਾਲ ਮਿਲੀ ਨਮੋਸ਼ਜਨਕ ਹਾਰ ਤੋਂ ਦੁਖੀ ਭਾਰਤ ਨੇ ਜੇਕਰ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰਨੀ ਹੈ ਤਾਂ ਸ਼ਨਿੱਚਰਵਾਰ ਨੂੰ ਜਾਪਾਨ ਵਿਰੁੱਧ ਹੋਣ ਵਾਲੇ ਸੁਪਰ 4 ਪੜਾਅ ਦੇ ਅਹਿਮ ਮੈਚ ਵਿੱਚ ਆਪਣੇ ਮੌਕਿਆਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਪਵੇਗਾ। ਭਾਰਤੀ ਟੀਮ ਨੇ ਪੂਲ ਪੜਾਅ ਵਿੱਚ ਜਾਪਾਨ ਵਿਰੁੱਧ 2-2 ਨਾਲ ਡਰਾਅ ਖੇਡਿਆ ਸੀ ਅਤੇ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਸ਼ਨਿੱਚਰਵਾਰ ਦੇ ਮੈਚ ਵਿੱਚ ਡਰਾਅ ਦੀ ਲੋੜ ਹੋਵੇਗੀ। ਦੁਨੀਆ ਦੀ ਨੰਬਰ 4 ਟੀਮ ਚੀਨ ਪਹਿਲਾਂ ਹੀ ਫਾਈਨਲ ਲਈ ਕੁਆਲੀਫਾਈ ਕਰ ਚੁੱਕੀ ਹੈ। ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ।
ਭਾਰਤੀ ਟੀਮ ਚੀਨ ਵਿਰੁੱਧ ਸੁਪਰ 4 ਮੈਚ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਅਜੇਤੂ ਸੀ। ਭਾਰਤ ਨੇ ਇਸ ਮੈਚ ਵਿੱਚ ਕੁਝ ਅਹਿਮ ਮੌਕੇ ਗੁਆ ਦਿੱਤੇ, ਜਿਸ ਵਿੱਚ ਤਿੰਨ ਪੈਨਲਟੀ ਕਾਰਨਰ ਵੀ ਸ਼ਾਮਲ ਸਨ, ਜਿਸ ਦੀ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ। ਭਾਰਤ ਦੇ ਮੁੱਖ ਕੋਚ ਹਰਿੰਦਰ ਸਿੰਘ ਲਈ ਚਿੰਤਾ ਦਾ ਵਿਸ਼ਾ ਮਾੜੀ ਫਿਨਿਸ਼ਿੰਗ ਹੈ ਅਤੇ ਉਹ ਉਮੀਦ ਕਰਨਗੇ ਕਿ ਉਨ੍ਹਾਂ ਦੇ ਸਟਰਾਈਕਰ ਮੌਕਿਆਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਗੇ। ਚੀਨ ਵਿਰੁੱਧ ਸਕੋਰਲਾਈਨ ਇਸ ਗੱਲ ਦਾ ਸੰਕੇਤ ਨਹੀਂ ਸੀ ਕਿ ਭਾਰਤ ਨੇ ਵੀਰਵਾਰ ਨੂੰ ਕਿਵੇਂ ਪ੍ਰਦਰਸ਼ਨ ਕੀਤਾ ਕਿਉਂਕਿ ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦਿੱਤੀ ਅਤੇ ਮੈਚ ਦੌਰਾਨ ਗੇਂਦ ’ਤੇ ਕਬਜ਼ਾ ਬਣਾਈ ਰੱਖਿਆ।
ਮੁਮਤਾਜ਼ ਖਾਨ ਸ਼ਾਨਦਾਰ ਲੈਅ ਵਿੱਚ ਹੈ। ਉਸ ਨੇ ਕੁਝ ਵਧੀਆ ਮੈਦਾਨੀ ਗੋਲ ਵੀ ਕੀਤੇ ਹਨ, ਪਰ ਉਸ ਨੂੰ ਨਵਨੀਤ ਕੌਰ ਵਰਗੀਆਂ ਖਿਡਾਰਨਾਂ ਤੋਂ ਹੋਰ ਸਮਰਥਨ ਦੀ ਉਮੀਦ ਹੋਵੇਗੀ। ਇਸ ਤੋਂ ਇਲਾਵਾ ਰੁਤੁਜਾ ਦਾਦਾਸੋ ਪਿਸਲ ਲਾਲਰੇਮਸਿਆਮੀ, ਉਦਿਤਾ, ਸ਼ਰਮੀਲਾ ਦੇਵੀ ਅਤੇ ਬਿਊਟੀ ਡੁੰਗ ਡੁੰਗ ਨੂੰ ਵੀ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਆਪਣੀ ਖੇਡ ਵਿੱਚ ਸੁਧਾਰ ਕਰਨਾ ਹੋਵੇਗਾ।
ਨੇਹਾ ਗੋਇਲ ਅਤੇ ਵੈਸ਼ਨਵੀ ਵਿੱਠਲ ਫਾਲਕੇ ਭਾਰਤ ਦੀ ਮਿਡ-ਲਾਈਨ ਦੀਆਂ ਮੁੱਖ ਭੂਮਿਕਾਵਾਂ ਹਨ ਪਰ ਉਨ੍ਹਾਂ ਨੂੰ ਫਰੰਟ ਲਾਈਨ ਲਈ ਹੋਰ ਮੌਕੇ ਪੈਦਾ ਕਰਨੇ ਪੈਣਗੇ। ਕਪਤਾਨ ਸਲੀਮਾ ਟੇਟੇ ਨੂੰ ਵੀ ਆਪਣੀ ਖੇਡ ਵਿੱਚ ਸੁਧਾਰ ਕਰਨ ਅਤੇ ਟੀਮ ਨੂੰ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ, ਜਿਸਦੀ ਹੁਣ ਤੱਕ ਘਾਟ ਰਹੀ ਹੈ। ਭਾਰਤ ਇਸ ਸਮੇਂ ਦੁਨੀਆ ਵਿੱਚ ਨੌਵੇਂ ਸਥਾਨ ’ਤੇ ਹੈ ਅਤੇ ਚੀਨ ਤੋਂ ਬਾਅਦ ਟੂਰਨਾਮੈਂਟ ਵਿੱਚ ਦੂਜੀ ਸਭ ਤੋਂ ਉੱਚੀ ਰੈਂਕਿੰਗ ਵਾਲੀ ਟੀਮ ਹੈ।
ਏਸ਼ੀਆ ਕੱਪ ਦਾ ਖਿਤਾਬ ਜਿੱਤਣ ਵਾਲੀ ਟੀਮ ਅਗਲੇ ਸਾਲ 15 ਤੋਂ 30 ਅਗਸਤ ਤੱਕ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਸਿੱਧੇ ਤੌਰ ’ਤੇ ਕੁਆਲੀਫਾਈ ਕਰੇਗੀ। ਰੈਂਕਿੰਗ ਅਤੇ ਪ੍ਰਦਰਸ਼ਨ ਦੇ ਆਧਾਰ ’ਤੇ ਮੇਜ਼ਬਾਨ ਚੀਨ ਟੂਰਨਾਮੈਂਟ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਹੈ, ਪਰ ਜੇਕਰ ਭਾਰਤ ਆਪਣੇ ਅਗਲੇ ਦੋ ਮੈਚਾਂ ਵਿੱਚ ਮੌਕਿਆਂ ਦਾ ਪੂਰਾ ਫਾਇਦਾ ਉਠਾਉਂਦਾ ਹੈ, ਤਾਂ ਉਸ ਕੋਲ ਵਿਸ਼ਵ ਕੱਪ ਵਿੱਚ ਜਗ੍ਹਾ ਬਣਾਉਣ ਦਾ ਸੁਨਹਿਰੀ ਮੌਕਾ ਵੀ ਹੈ।