ਮਹਿਲਾ ਵਿਸ਼ਵ ਕ੍ਰਿਕਟ ਕੱਪ: ਭਾਰਤੀ ਖਿਡਾਰਨਾਂ ਵੀ ਪਾਕਿਸਤਾਨੀ ਖਿਡਾਰਨਾਂ ਨਾਲ ਨਹੀਂ ਮਿਲਾਉਣਗੀਆਂ ਹੱਥ
No Handshake ਦੁਬਈ ਵਿੱਚ ਏਸ਼ੀਆ ਕ੍ਰਿਕਟ ਕੱਪ ਦੌਰਾਨ ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਪਾਕਿਸਤਾਨੀ ਟੀਮ ਨਾਲ ਹੱਥ ਨਹੀਂ ਮਿਲਾਏ ਸਨ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਵੀ ਇਹੀ ਨੀਤੀ ਅਪਣਾਏਗੀ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਵਿਸ਼ਵ ਮਹਿਲਾ ਕੱਪ ਦਾ ਮੈਚ 5 ਅਕਤੂਬਰ ਨੂੰ ਕੋਲੰਬੋ ਵਿੱਚ ਹੋਵੇਗਾ। ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਤੋਂ ਬਾਅਦ ਭਾਰਤ-ਪਾਕਿਸਤਾਨ ਕ੍ਰਿਕਟ ਸਬੰਧ ਵਿਗੜ ਗਏ ਸਨ ਤੇ ਭਾਰਤੀ ਟੀਮ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਮੁਖੀ ਮੋਹਸਿਨ ਨਕਵੀ ਤੋਂ ਦੁਬਈ ਵਿੱਚ ਜੇਤੂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਭਾਰਤੀ ਟੀਮ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਏ ਸਨ।
ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਰਸ਼ਾਂ ਟੀਮ ਵਲੋਂ ਅਪਣਾਈ ਗਈ ਨੀਤੀ ਮਹਿਲਾ ਟੀਮ ’ਤੇ ਵੀ ਲਾਗੂ ਕੀਤੀ ਜਾਵੇਗੀ। ਕੋਲੰਬੋ ਵਿੱਚ ਟਾਸ ਕੌਣ ਕਰਦਾ ਹੈ, ਇਸ ’ਤੇ ਵੀ ਨਜ਼ਰ ਰੱਖੀ ਜਾਵੇਗੀ ਕਿ ਇਹ ਕਿਸੇ ਨਿਰਪੱਖ ਦੇਸ਼ ਦਾ ਸਾਬਕਾ ਖਿਡਾਰੀ ਜਾਂ ਖੇਡ ਮਾਹਰ ਹੋਵੇਗਾ। ਇਸ ਵਾਰ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਦਰਮਿਆਨ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਉਲਟ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਭਾਰਤੀ ਕਪਤਾਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਧਿਆਨ ਸਿਰਫ ਖੇਡ ਵੱਲ ਹੋਵੇਗਾ ਤੇ ਉਹ ਰਾਜਨੀਤੀ ਵਿਚ ਕੀ ਹੋ ਰਿਹਾ ਹੈ, ਬਾਰੇ ਕੋਈ ਚਰਚਾ ਨਹੀਂ ਕਰਨਗੀਆਂ। ਪੀਟੀਆਈ