ਮਹਿਲਾ Cricket ਵਿਸ਼ਵ ਕੱਪ: ਦੱਖਣੀ ਅਫਰੀਕਾ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ
Women's World Cup:
ਕਪਤਾਨ ਲੌਰਾ ਵੌਲਵਾਰਡਟ ਤੇ ਐੱਨ ਡੀ ਕਲੈਰਕ ਦੇ ਨੀਮ ਸੈਂਕੜਿਆਂ ਸਦਕਾ ਦੱਖਣੀ ਅਫਰੀਕਾ ਨੇ ਅੱਜ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਮੈਚ ’ਚ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ।
ਦੱਖਣੀ ਅਫਰੀਕਾ ਨੇ ਜਿੱਤ ਲਈ ਲੋੜੀਂਦਾ 252 ਦੌੜਾਂ ਦਾ ਟੀਚਾ ਸੱਤ ਵਿਕਟਾਂ ਗੁਆ ਕੇ 48.5 ਓਵਰਾਂ ’ਚ ਪੂਰਾ ਕਰ ਲਿਆ। ਭਾਰਤ ਨੇ ਪਹਿਲਾਂ ਖੇਡਦਿਆਂ 251 ਦੌੜਾਂ ਬਣਾਈਆਂ ਸਨ।
ਦੱਖਣੀ ਅਫਰੀਕਾ ਦੀ ਜਿੱਤ ’ਚ ਲੌਰਾ ਵੌਲਵਾਰਡਟ ਨੇ 70 ਦੌੜਾਂ, ਐੱਨ ਡੀ ਕਲੈਰਕ ਨੇ ਨਾਬਾਦ 84 ਦੌੜਾਂ ਤੇ ਕਲੌਏ ਟਰਾਈਓਨ 49 ਦੌੜਾਂ ਦਾ ਯੋਗਦਾਨ ਪਾਇਆ। ਮੈਰੀਜ਼ਾਨ ਕਾਪ ਨੇ 20 ਦੌੜਾਂ ਬਣਾਈਆਂ।
ਇੱਕ ਸਮੇਂ ਦੱਖਣੀ ਦੀ ਅੱਧੀ ਟੀਮ 85 ਦੌੜਾਂ ’ਤੇ ਪੈਵੇਲੀਅਨ ਪਰਤ ਗਈ ਸੀ ਬਾਅਦ ’ਚ ਕਲੌਏ ਨੇ ਕਪਤਾਨ ਦਾ ਸਾਥ ਦਿੰਦਿਆਂ ਟੀਮ ਨੂੰ ਜਿੱਤ ਵੱਲ ਵਧਾਇਆ ਤੇ ਕਲੈਰਕ ਨੇ ਟੀਮ ਦੀ ਜਿੱਤ ਪੱਕੀ ਕੀਤੀ।
ਭਾਰਤ ਵੱਲੋਂ ਕਰਾਂਤੀ ਗੌੜ ਤੇ ਸਨੇਹ ਰਾਣਾ ਨੇ 2-2 ਵਿਕਟਾਂ ਲਈਆਂ ਜਦਕਿ ਅਮਨਜੋਤ ਕੌਰ ਤੇ ਦੀਪਤੀ ਸ਼ਰਮਾ ਨੂੰ ਇੱਕ-ਇੱਕ ਵਿਕਟ ਮਿਲੀ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਭਾਰਤ ਨੇ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਦੇ ਸ਼ਾਨਦਾਰ ਨੀਮ ਸੈਂਕੜੇ ਸਦਕਾ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਦੇ ਮੈਚ ’ਚ ਦੱਖਣੀ ਅਫਰੀਕਾ ਨੂੰ ਜਿੱਤ ਲਈ 252 ਦੌੜਾਂ ਦਾ ਟੀਚਾ ਦਿੱਤਾ ਸੀ।
ਇੱਕ ਸਮੇਂ ਭਾਰਤੀ ਟੀਮ 40 ਓਵਰਾਂ ’ਚ 153 ਦੌੜਾਂ ’ਤੇ ਸੱਤ ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ ਪਰ ਰਿਚਾ ਘੋਸ਼ ਨੇ 94 ਦੌੜਾਂ ਤੇ ਸਨੇਹ ਰਾਣਾ ਨੇ 33 ਦੌੜਾਂ ਦੀ ਪਾਰੀ ਖੇਡਦਿਆਂ ਸਕੋਰ 251 ਦੌੜਾਂ ਤੱਕ ਪਹੁੰਚਾਇਆ।
ਰਿਚਾ ਨੇ ਅਮਨਜੋਤ ਕੌਰ ਤੇ ਸਨੇਹ ਰਾਣਾ ਨਾਲ ਚੰਗੀਆਂ ਸਾਂਝੇਦਾਰੀਆਂ ਕੀਤੀਆਂ। ਰਿਚਾ ਨੇ ਆਪਣੀ ਪਾਰੀ ਦੌਰਾਨ 11 ਚੌਕੇ ਤੇ ਚਾਰ ਛੱਕੇ ਜੜੇ। ਭਾਰਤੀ ਟੀਮ 49.5 ਓਵਰਾਂ ’ਚ ਆਊਟ ਹੋ ਗਈ।
ਸ੍ਰਮਿਤੀ ਮੰਧਾਨਾ ਤੇ ਪ੍ਰਤੀਕਾ ਰਾਵਲ ਦੀ ਸਲਾਮੀ ਜੋੜੀ ਨੇ ਟੀਮ ਨੂੰ ਵਧੀਆ ਸ਼ੁਰੁੂਆਤ ਦਿੰਦਿਆਂ ਪਹਿਲੀ ਵਿਕਟ ਲਈ 55 ਦੌੜਾਂ ਜੋੜੀਆਂ। ਇਸ ਮਗਰੋਂ ਮੇਜ਼ਬਾਨ ਟੀਮ ਨੂੰ ਪਹਿਲਾ ਝਟਕਾ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਆਊਟ ਹੋਣ ’ਤੇ ਲੱਗਾ ਜੋ 32 ਗੇਂਦਾਂ ’ਤੇ 23 ਦੌੜਾਂ ਬਣਾ ਕੇ ਪੈਵੇਲੀਅਨ ਪਰਤੀ। ਉਹ ਨੌਨਕੁਲੂਲੈਕੋ ਮਲਾਬਾ ਦੀ ਗੇਂਦ ’ਤੇ ਸੁਨੇ ਲੱਸ ਨੂੰ ਕੈਚ ਦੇ ਬੈਠੀ।
ਇਸ ਮਗਰੋਂ ਪ੍ਰਤੀਕਾ ਰਾਵਲ 37 ਦੌੜਾਂ, ਹਰਲੀਨ ਦਿੳਲ 13 ਦੌੜਾਂ, ਕਪਤਾਨ ਹਰਮਨਪ੍ਰੀਤ ਕੌਰ 9, ਦੀਪਤੀ ਸ਼ਰਮਾ 4, ਅਮਨਜੋਤ ਕੌਰ 12 ਦੌੜਾਂ ਬਣਾ ਕੇ ਆਊਟ ਹੋਈ। ਬਣਾ ਕੇ, ਜੈਮੀਮਾ ਰੌਡਰਿਗਜ਼ ਤੋਂ ਇਲਾਵਾ ਆਖਰੀ ਦੋ ਖਿਡਾਰਨਾ ਕਰਾਂਤੀ ਗੌੜ ਤੇ ਸ੍ਰੀ ਚਰਾਨੀ ਖੋਲ੍ਹਣ ’ਚ ਕਾਮਯਾਬ ਨਾ ਹੋ ਸਕੀਆਂ।
ਦੱਖਣੀ ਅਫਰੀਕਾ ਵੱਲੋਂ ਕਲੋਏ ਟਰਾਈਓਨ ਨੇ ਤਿੰਨ ਵਿਕਟਾਂ ਜਦਕਿ ਮੈਰੀਜ਼ੇਨ ਕਾਪ, ਐੱਨ.ਡੀ. ਕਲੈਰਕ ਤੇ ਨੌਨਕੁਲੂਲੈਕੋ ਮਲਾਬਾ ਨੇ ਦੋ-ਦੋ ਵਿਕਟਾਂ ਲਈਆਂ। ਟੂਮੀ ਸ਼ੇਖੂਖੁਨੇ ਨੇ ਇੱਕ ਵਿਕਟ ਹਾਸਲ ਕੀਤੀ।
ਭਾਰਤ ਦੀ Pratika Rawal ਸ਼ਾਟ ਖੇਡਦੀ ਹੋਈ। ‘PTI Photo