ਮਹਿਲਾ ਕ੍ਰਿਕਟ: ਭਾਰਤ ਤੇ ਆਸਟਰੇਲੀਆ ਵਿਚਾਲੇ ਦੂਜਾ ਮੈਚ ਅੱਜ
ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ’ਚ ਵਾਪਸੀ ਕਰਨ ਲਈ ਬੁੱਧਵਾਰ ਨੂੰ ਇੱਥੇ ਬਾਅਦ ਦੁਪਹਿਰ 1.30 ਵਜੇ ਸ਼ੁਰੂ ਹੋਣ ਵਾਲੇ ਦੂਜੇ ਮੈਚ ਵਿੱਚ ਹਰ ਵਿਭਾਗ ’ਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠਲੀ ਭਾਰਤੀ ਟੀਮ ਨੂੰ ਪਹਿਲੇ ਮੈਚ ਵਿੱਚ ਫੀਲਡਿੰਗ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਇਸ ਟੂਰਨਾਮੈਂਟ ਰਾਹੀਂ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੇ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਲਈ ਤਿਆਰੀ ਕਰ ਰਹੀ ਹੈ, ਜਿੱਥੇ ਉਸ ਨੂੰ ਆਸਟਰੇਲੀਆ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਅਜਿਹੀ ਸਥਿਤੀ ਵਿੱਚ ਕਿਸੇ ਵੀ ਵਿਭਾਗ ਵਿੱਚ ਗਲਤੀ ਉਸ ਨੂੰ ਵੱਡਾ ਨੁਕਸਾਨ ਪਹੁੰਚਾਏਗੀ। ਪਹਿਲੇ ਮੈਚ ਵਿੱਚ ਭਾਰਤੀ ਖਿਡਾਰਨਾਂ ਨੇ ਚਾਰ ਕੈਚ ਛੱਡੇ, ਜਿਸ ਦਾ ਫਾਇਦਾ ਉਠਾਉਂਦਿਆਂ ਆਸਟਰੇਲੀਆ 281 ਦੌੜਾਂ ਦਾ ਟੀਚਾ ਪ੍ਰਾਪਤ ਕਰਨ ਵਿੱਚ ਸਫਲ ਰਿਹਾ। ਆਸਟਰੇਲੀਆ ਨੂੰ ਅੱਠਵਾਂ ਵਿਸ਼ਵ ਕੱਪ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਐਲਿਸਾ ਹੀਲੀ ਦੀ ਅਗਵਾਈ ਹੇਠਲੀ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਜਿੱਤ ਦੀ ਮੁਹਿੰਮ ਜਾਰੀ ਰੱਖਣ ਲਈ ਦ੍ਰਿੜ੍ਹ ਹੋਵੇਗੀ। ਭਾਰਤ ਵੱਲੋਂ ਪ੍ਰਤਿਕਾ ਰਾਵਲ, ਸਮ੍ਰਿਤੀ ਮੰਧਾਨਾ ਅਤੇ ਹਰਲੀਨ ਦਿਓਲ ਨੇ ਬੱਲੇ ਰਾਹੀਂ ਚੰਗਾ ਪ੍ਰਦਰਸ਼ਨ ਕੀਤਾ ਸੀ। ਟੀਮ ਨੂੰ ਆਪਣੀ ਕਪਤਾਨ ਹਰਮਨਦੀਪ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਇਸੇ ਤਰ੍ਹਾਂ ਭਾਰਤ ਨੇ ਪਿਛਲੇ ਮੈਚ ਵਿੱਚ ਚਾਰ ਸਪਿੰਨਰਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ ਪਰ ਸਿਰਫ ਸਨੇਹ ਰਾਣਾ ਹੀ ਵਿਕਟਾਂ ਲੈ ਸਕੀ। ਦੀਪਤੀ ਸ਼ਰਮਾ, ਸ਼੍ਰੀ ਚਰਨੀ ਅਤੇ ਰਾਧਾ ਯਾਦਵ ਨੇ ਇੱਕ ਵਿਕਟ ਵੀ ਨਹੀਂ ਲਈ।