Women Golf Meet ਪਟਿਆਲਾ ਵਿਚ ਤੀਜੀ ਮਹਿਲਾ ਗੌਲਫ ਮੀਟ 23 ਤੋਂ
ਅਮਨ ਸੂਦ
ਪਟਿਆਲਾ, 21 ਫਰਵਰੀ
ਤੀਜਾ ਲੇਡੀਜ਼ ਗੋਲਫ ਓਪਨ ਟੂਰਨਾਮੈਂਟ 23 ਫਰਵਰੀ ਨੂੰ ਬੀਟਾ (ਪਟਿਆਲਾ ਆਰਮੀ ਗੋਲਫ ਕੋਰਸ) ਵਿਚ ਸ਼ੁਰੂ ਹੋਵੇਗਾ। ਟੂਰਨਾਮੈਂਟ ਲਈ ਮੇਜ਼ਬਾਨਾਂ ਤੋਂ ਇਲਾਵਾ ਚੰਡੀਗੜ੍ਹ ਗੌਲਫ ਕਲੱਬ, ਪੰਚਕੂਲਾ ਗੌਲਫ ਕਲੱਬ, ਸੇਪਟਾ, ਚੰਡੀ ਮੰਦਰ; ਅਤੇ ਕੇਪਟਾ, ਅੰਬਾਲਾ ਤੋਂ ਕੁੱਲ 48 ਐਂਟਰੀਆਂ ਆਈਆਂ ਹਨ।
ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲਿਆਂ ’ਚ ਪਟਿਆਲਾ ਆਰਮੀ ਗੌਲਫ ਕਲੱਬ (ਬੀਟਾ) ਤੋਂ ਸੇਵਾਮੁਕਤ ਅਫਸਰ ਕਰਨਲ ਰਾਸ਼ੀ ਚੱਢਾ ਵੀ ਸ਼ਾਮਲ ਹੈ ਜਿਸ ਨੂੰ ਹਰਾਉਣਾ ਔਖਾ ਹੈ। ਪੰਚਕੂਲਾ ਗੌਲਫ ਕਲੱਬ ਦੀ ਪ੍ਰਸਿੱਧ ਗੌਲਫਰ ਅਤੇ ਮਹਿਲਾ ਕੈਪਟਨ ਹਰਿੰਦਰ ਗਰੇਵਾਲ, ਆਪਣੇ ਕਲੱਬ ਦੇ ਹੋਰ 15 ਮੈਂਬਰਾਂ ਨਾਲ ਹਿੱਸਾ ਲੈ ਰਹੇ ਹਨ। ਉਨ੍ਹਾਂ ਵਿੱਚ ਬਬੀਤਾ ਮਹਾਜਨ ਵੀ ਸ਼ਾਮਲ ਹੈ।
ਮੌਜੂਦਾ ਚੈਂਪੀਅਨ ਹਰਿੰਦਰ ਗਰੇਵਾਲ, ਜਿਨ੍ਹਾਂ ਕ੍ਰਮਵਾਰ ਚੰਡੀਗੜ੍ਹ ਅਤੇ ਪੰਚਕੂਲਾ ਦਾ ਕੈਪਟਨ ਕੱਪ ਅਤੇ ਪੈਟਰਨ ਕੱਪ ਜਿੱਤਿਆ ਹੈ, ਦੋਵਾਂ ਐਜਾਜ਼ਾਂ ਲਈ ਮੁਕਾਬਲਾ ਕਰੇਗੀ। ਪੈਂਟੈਂਗੂਲਰ ਲੇਡੀਜ਼ ਓਪਨ ਗੋਲਫ ਟੂਰਨਾਮੈਂਟ (Pentangular Ladies Open Golf tournament), ਪਟਿਆਲਾ ਦੇ ਪ੍ਰਬੰਧਕ ਅਤੇ ਪ੍ਰੈਸ ਸਕੱਤਰ ਰਾਣਾ ਵਿਰਕ ਨੇ ਕਿਹਾ ਕਿ ਇਸ ਟੂਰਨਾਮੈਂਟ ਦਾ ਉਦੇਸ਼ ਸਥਾਨਕ ਔਰਤਾਂ ਵਿੱਚ ਇਸ ਖੇਡ ਦੀ ਮਕਬੂਲੀਅਤ ਵਧਾਉਣਾ ਅਤੇ ਗੁਆਂਢੀ ਗੌਲਫ ਕਲੱਬਾਂ ਨਾਲ ਇੱਕ ਮਜ਼ਬੂਤ ਗੱਠਜੋੜ ਬਣਾਉਣਾ ਹੈ।