ਵਿੰਬਲਡਨ ਚੈਂਪੀਅਨ ਕਵਿਤੋਵਾ ਵੱਲੋਂ ਸੰਨਿਆਸ
ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤਰਾ ਕਵਿਤੋਵਾ ਨੇ ਯੂਐੱਸ ਓਪਨ ਦੇ ਪਹਿਲੇ ਗੇੜ ਵਿੱਚ ਡਾਇਨੇ ਪੈਰੀ ਤੋਂ ਹਾਰਨ ਮਗਰੋਂ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਹੈ। ਮੈਚ ਖਤਮ ਹੋਣ ਤੋਂ ਬਾਅਦ ਕਵਿਤੋਵਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਗੈਲਰੀ ਵਿੱਚ ਮੌਜੂਦ ਉਸ ਦੇ ਪਤੀ ਅਤੇ ਕੋਚ ਜੀਰੀ ਵਾਨੇਕ ਨੇ ਉਸ ਨੂੰ ਗਲੇ ਲਾਇਆ। ਪਿਛਲੇ ਸਾਲ ਜੁਲਾਈ ਵਿੱਚ ਪੁੱਤਰ ਨੂੰ ਜਨਮ ਦੇਣ ਵਾਲੀ ਕਵੀਤੋਵਾ 17 ਮਹੀਨਿਆਂ ਬਾਅਦ ਕੋਰਟ ’ਤੇ ਪਰਤੀ ਸੀ। ਉਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਯੂਐੱਸ ਓਪਨ ਉਸ ਦਾ ਆਖਰੀ ਟੂਰਨਾਮੈਂਟ ਹੋਵੇਗਾ। ਮੈਚ ਤੋਂ ਬਾਅਦ ਉਸ ਨੇ ਦੱਸਿਆ ਕਿ ਕੁਝ ਹਫ਼ਤੇ ਪਹਿਲਾਂ ਉਹ ਕਰੋਨਾ ਤੋਂ ਪੀੜਤ ਹੋਣ ਕਾਰਨ ਯੂਐੱਸ ਓਪਨ ’ਚੋਂ ਨਾਮ ਵਾਪਸ ਲੈਣ ਬਾਰੇ ਸੋਚ ਰਹੀ ਸੀ। ਉਸ ਨੇ ਕਿਹਾ, ‘ਸਵੇਰੇ ਉੱਠਣ ਤੋਂ ਬਾਅਦ ਮੈਨੂੰ ਲੱਗ ਰਿਹਾ ਸੀ ਕਿ ਕੁਝ ਵੀ ਚੰਗਾ ਨਹੀਂ ਹੋਵੇਗਾ। ਮੈਂ ਖਾ ਨਹੀਂ ਸਕਦੀ ਸੀ। ਮੈਂ ਬਹੁਤ ਘਬਰਾ ਗਈ ਸੀ। ਬਹੁਤ ਮੁਸ਼ਕਲ ਸਮਾਂ ਸੀ। ਮੇਰੇ ਨਾਲ ਕਦੇ ਅਜਿਹਾ ਨਹੀਂ ਹੋਇਆ।’ ਕਵਿਤੋਵਾ ਨੇ 2011 ਵਿੱਚ ਮਾਰੀਆ ਸ਼ਾਰਾਪੋਵਾ ਨੂੰ ਹਰਾ ਕੇ ਵਿੰਬਲਡਨ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ 2014 ਵਿੱਚ ਉਸ ਨੇ ਯੂਜੀਨ ਬੁਚਾਰਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।