ਵੇਟ ਲਿਫਟਿੰਗ: ਮੀਰਾਬਾਈ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤਿਆ
ਸਾਲ ਦੇ ਲੰਮੇ ਵਕਫ਼ੇ ਤੋਂ ਬਾਅਦ ਵਾਪਸੀ ਕਰਨ ਵਾਲੀ ਮੀਰਾਬਾਈ ਚਾਨੂ ਨੇ ਆਪਣੀ ਪ੍ਰਸਿੱਧੀ ਅਨੁਸਾਰ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਰਾਸ਼ਟਰ ਮੰਡਲ ਭਾਰ ਤੋਲਨ ਚੈਂਪੀਅਨਸ਼ਿਪ ’ਚ ਨਵਾਂ ਰਿਕਾਰਡ ਬਣਾ ਕੇ ਸੋਨ ਤਗਮਾ ਜਿੱਤਿਆ ਹੈ। ਟੋਕੀਓ ਓਲੰਪਿਕ ਦੀ ਚਾਂਦੀ ਤਗ਼ਮਾ ਜੇਤੂ ਮੀਰਾ ਬਾਈ ਨੇ ਮਹਿਲਾਵਾਂ ਦੇ 48 ਕਿਲੋਗ੍ਰਾਮ ਵਜ਼ਨ ਵਰਗ ’ਚ ਕੁੱਲ 193 ਕਿਲੋ (84 109 ਕਿਲੋਗ੍ਰਾਮ) ਵਜ਼ਨ ਚੁੱਕ ਕੇ ਰਾਸ਼ਟਰ ਮੰਡਲ ਚੈਂਪੀਅਨਸ਼ਿਪ ’ਚ ਕੁੱਲ, ਸਨੈਚ ਅਤੇ ਕਲੀਨ ਐਂਡ ਜਰਕ ਦੇ ਰਿਕਾਰਡ ਤੋੜ ਕੇ ਪਹਿਲਾ ਸਥਾਨ ਹਾਸਲ ਕੀਤਾ। ਇਹ 31 ਸਾਲਾ ਖਿਡਾਰਨ ਇਸ ਤੋਂ ਪਹਿਲਾਂ 49 ਕਿਲੋ ਭਾਰ ਵਰਗ ’ਚ ਹਿੱਸਾ ਲੈਂਦੀ ਸੀ ਪਰ ਇਹ ਵਜ਼ਨ ਵਰਗ ਹੁਣ ਓਲੰਪਿਕ ’ਚ ਸ਼ਾਮਲ ਨਹੀਂ ਹੈ। ਮੀਰਾਬਾਈ ਪਿਛਲੇ ਸਾਲ ਅਗਸਤ ’ਚ ਪੈਰਿਸ ਓਲੰਪਿਕਸ ਤੋਂ ਬਾਅਦ ਪਹਿਲੀ ਵਾਰ ਕਿਸੇ ਮੁਕਾਬਲੇ ’ਚ ਹਿੱਸਾ ਲੈ ਰਹੀ ਹੈ। ਪੈਰਿਸ ਓਲੰਪਿਕ ’ਚ ਉਹ ਚੌਥੇ ਸਥਾਨ ’ਤੇ ਰਹੀ ਸੀ।
ਮੀਰਾਬਾਈ ਜ਼ਖ਼ਮੀ ਹੋਣ ਕਾਰਨ ਪਿਛਲੇ ਇੱਕ ਸਾਲ ਤੋਂ ਕਿਸੇ ਵੀ ਮੁਕਾਬਲੇ ’ਚ ਹਿੱਸਾ ਨਹੀਂ ਲੈ ਸਕੀ ਸੀ। ਇਸ ਲਈ ਉਸ ਨੂੰ ਲੈਅ ਹਾਸਲ ਕਰਨ ’ਚ ਵੀ ਸਮਾਂ ਲੱਗਾ। ਸਨੈਚ ’ਚ 84 ਕਿਲੋਗ੍ਰਾਮ ਦੀ ਆਪਣੀ ਪਹਿਲੀ ਕੋਸ਼ਿਸ਼ ’ਚ ਉਹ ਲੜਖੜਾ ਗਈ। ਉਸ ਦੇ ਸੱਜੇ ਗੋਡੇ ’ਚ ਤਕਲੀਫ ਦਿਖਾਈ ਦਿੱਤੀ ਪਰ ਦੂਜੀ ਕੋਸ਼ਿਸ਼ ’ਚ ਉਸ ਨੇ ਓਨਾ ਹੀ ਵਜ਼ਨ ਚੁੱਕਿਆ। 89 ਕਿਲੋਗ੍ਰਾਮ ਦੀ ਉਸ ਦੀ ਤੀਜੀ ਕੋਸ਼ਿਸ਼ ਵੀ ਨਾਕਾਮ ਰਹੀ। ਉਸ ਨੇ ਕਲੀਨ ਐਂਡ ਜਰਕ ’ਚ 105 ਕਿਲੋ ਭਾਰ ਚੁੱਕ ਕੇ ਸ਼ੁਰੂਆਤ ਕੀਤੀ। ਉਸ ਨੇ ਇਸ ਨੂੰ ਵਧਾ ਕੇ 109 ਕਿਲੋ ਕਰ ਲਿਆ ਪਰ 113 ਕਿਲੋ ਦੀ ਆਪਣੀ ਆਖਰੀ ਕੋਸ਼ਿਸ਼ ਪੂਰੀ ਨਹੀਂ ਕਰ ਸਕੀ। ਮਲੇਸ਼ੀਆ ਦੀ ਇਰੀਨ ਹੈਨਰੀ ਨੇ 161 ਕਿਲੋ (73 88 ਕਿਲੋ) ਵਜ਼ਨ ਚੁੱਕ ਕੇ ਚਾਂਦੀ ਜਦਕਿ ਵੇਲਜ਼ ਦੀ ਨਿਕੋਲ ਰੌਬਰਟ ਨੇ 150 ਕਿਲੋ (70 80 ਕਿਲੋ) ਵਜ਼ਨ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਮੀਰਾਬਾਈ ਨੇ ਇਸ ਤਰ੍ਹਾਂ 48 ਕਿਲੋ ਗ੍ਰਾਮ ਭਾਰ ਵਰਗ ’ਚ ਸਫਲ ਵਾਪਸੀ ਕੀਤੀ। ਉਸ ਨੇ ਇਸੇ ਵਜ਼ਨ ਵਰਗ ’ਚ ਆਪਣਾ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਅਤੇ ਰਾਸ਼ਟਰ ਮੰਡਲ ਖੇਡਾਂ ’ਚ ਦੋ ਤਗ਼ਮੇ ਜਿੱਤੇ ਪਰ 2018 ਤੋਂ ਬਾਅਦ ਉਹ 49 ਕਿਲੋਗ੍ਰਾਮ ਭਾਰ ਵਰਗ ’ਚ ਚੁਣੌਤੀ ਪੇਸ਼ ਕਰ ਰਹੀ ਸੀ। ਸੌਮਿਆ ਦਲਵੀ ਨੇ ਜੂਨੀਅਰ ਵਰਗ ’ਚ ਸੋਨੇ ਦਾ ਤਗ਼ਮਾ ਜਿੱਤਿਆ।