Weightlifting: ਮੀਰਾਬਾਈ ਚਾਨੂ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ
ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ 48 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਭਾਰਤੀ ਮਹਿਲਾ ਪਹਿਲਵਾਨ ਨੇ ਇਸ ਤੋਂ ਪਹਿਲਾਂ ਦੋ ਵਾਰ ਇਸੇ ਆਲਮੀ ਮੁਕਾਬਲੇ ਵਿਚ ਤਗ਼ਮੇ ਜਿੱਤੇ ਹਨ। ਸਾਲ 2017 ਦੀ ਵਿਸ਼ਵ ਚੈਂਪੀਅਨ ਤੇ 2022 ਵਿਚ ਚਾਂਦੀ ਜਿੱੱਤਣ ਵਾਲੀ ਚਾਨੂ ਨੇ ਕੁੱਲ 199 ਕਿਲੋ (184 ਕਿਲੋ ਸਨੈਚ ਤੇ 115 ਕਿਲੋ ਕਲੀਨ ਐਂਡ ਜਰਕ) ਵਜ਼ਨ ਚੁੱਕਿਆ ਤੇ ਤਗ਼ਮੇ ਦੀ ਦਾਅਵੇਦਾਰ ਬਣੀ। ਚਾਨੂ ਨੇ 49 ਕਿਲੋ ਦੀ ਥਾਂ 48 ਕਿਲੋ ਭਾਰ ਵਰਗ ਵਿਚ ਹਿੱਸਾ ਲਿਆ।
ਚਾਨੂ ਸਨੈਚ ਦੌਰਾਨ ਸੰਘਰਸ਼ ਕਰਦੀ ਨਜ਼ਰ ਆਈ। ਉਹ 87 ਕਿਲੋ ਵਜ਼ਨ ਚੁੱਕਣ ਦੌਰਾਨ ਦੋ ਵਾਰ ਨਾਕਾਮ ਹੋਈ, ਪਰ ਕਲੀਨ ਐਂਡ ਜਰਕ ਵਿਚ ਉਸ ਨੇ ਆਪਣੀ ਲੈਅ ਫੜ ਲਈ ਤੇ ਮਗਰੋਂ ਤਿੰਨਾਂ ਕੋਸ਼ਿਸ਼ਾਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ। ਕਲੀਨ ਐਂਡ ਜਰਕ ਵਿਚ ਸਾਬਕਾ ਵਿਸ਼ਵ ਰਿਕਾਰਡ ਧਾਰਕ ਚਾਨੂ ਨੇ 109 ਕਿਲੋ, 112 ਕਿਲੋ ਤੇ 115 ਕਿਲੋ ਭਾਰ ਸੌਖਿਆਂ ਦੀ ਚੁੱਕ ਲਿਆ।
ਭਾਰਤੀ ਮਹਿਲਾ ਪਹਿਲਵਾਨ ਨੇ 2021 ਵਿਚ ਟੋਕੀਓ ਓਲੰਪਿਕਸ ਦੌਰਾਨ 115 ਕਿਲੋ ਵਜ਼ਨ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਮੁੱਖ ਕੋਚ ਵਿਜੈ ਸ਼ਰਮਾ ਨੇ ਪਹਿਲਾਂ ਪੀਟੀਆਈ ਨੂੰ ਦੱਸਿਆ ਸੀ ਕਿ ਇਨ੍ਹਾਂ ਵਿਸ਼ਵ ਚੈਂਪੀਅਨਸ਼ਿਪਾਂ ਦਾ ਉਦੇਸ਼ 200 ਕਿਲੋਗ੍ਰਾਮ ਦੇ ਅੰਕੜੇ ਨੂੰ ਪਾਰ ਕਰਨਾ ਅਤੇ ਨਾਲ ਹੀ ਉਹ ਭਾਰ ਚੁੱਕਣਾ ਸ਼ੁਰੂ ਕਰਨਾ ਹੈ ਜੋ ਚਾਨੂ 49 ਕਿਲੋਗ੍ਰਾਮ ਵਿੱਚ ਚੁੱਕ ਰਹੀ ਸੀ।
ਉੱਤਰੀ ਕੋਰੀਆ ਦੀ ਰੀ ਸੋਂਗ ਗਮ ਨੇ 213 ਕਿਲੋਗ੍ਰਾਮ (91 ਕਿਲੋਗ੍ਰਾਮ 122 ਕਿਲੋਗ੍ਰਾਮ) ਦੇ ਸ਼ਾਨਦਾਰ ਯਤਨਾਂ ਨਾਲ ਸੋਨ ਤਗਮਾ ਜਿੱਤਿਆ। ਗਮ ਨੇ 120 ਕਿਲੋ ਤੇ 122 ਕਿਲੋ ਭਾਰ ਚੁੱਕ ਕੇ ਕਲੀਨ ਐਂਡ ਜਰਕ ਵਿਚ ਨਵੇਂ ਵਿਸ਼ਵ ਰਿਕਾਰਡ ਵੀ ਬਣਾਏ। ਥਾਈਲੈਂਡ ਦੀ Thanyathon Sukcharoen ਨੂੰ ਕੁੱਲ 198 ਕਿਲੋ (88ਕਿਲੋ 110 ਕਿਲੋ) ਨਾਲ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।