ਵੇਟ ਲਿਫਟਿੰਗ: ਉਮੀਦਾਂ ਉੱਤੇ ਖਰੀ ਨਾ ਉੱਤਰੀ ਮੀਰਾਬਾਈ ਚਾਨੂ
ਹਾਂਗਜ਼ੂ, 30 ਸਤੰਬਰ
ਭਾਰਤੀ ਵੇਟ ਲਿਫਟਰ ਮੀਰਾਬਾਈ ਚਾਨੂ ਦਾ ਏਸ਼ਿਆਈ ਖੇਡਾਂ ਵਿੱਚ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ। ਓਲੰਪਿਕ ਤਗ਼ਮਾ ਜੇਤੂ ਇਹ ਖਿਡਾਰਨ ਸ਼ਨਿਚਰਵਾਰ ਨੂੰ ਮਹਿਲਾਵਾਂ ਦੇ 49 ਕਿਲੋ ਭਾਰ ਵਰਗ ਵਿੱਚ ਖ਼ੁਦ ਨੂੰ ਸੱਟ ਲਵਾ ਬੈਠੀ ਅਤੇ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੀ। ਸਨੈਚ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਮਗਰੋਂ ਮੀਰਾਬਾਈ ਕਾਫ਼ੀ ਦਬਾਅ ਵਿੱਚ ਸੀ ਅਤੇ ਕਲੀਨ ਤੇ ਜਰਕ ਵਿੱਚ 117 ਕਿਲੋ ਵਜ਼ਨ ਉਠਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਨਾਲ ਉਹ ਕਾਂਸੇ ਦਾ ਤਗ਼ਮਾ ਜਿੱਤ ਸਕਦੀ ਸੀ ਪਰ ਉਹ ਦੋ ਵਾਰ ਵਜ਼ਨ ਚੁੱਕਣ ’ਚ ਅਸਫ਼ਲ ਰਹੀ। ਆਖ਼ਰੀ ਕੋਸ਼ਿਸ਼ ਵਿੱਚ ਉਹ ਪਿੱਠ ਦੇ ਭਾਰ ਡਿੱਗ ਗਈ ਅਤੇ ਉਸ ਨੂੰ ਸਟੇਜ ਤੋਂ ਚੁੱਕ ਕੇ ਲਿਜਾਣਾ ਪਿਆ। ਸਨੈਚ ਵਰਗ ਵਿੱਚ ਉਹ ਸਿਰਫ਼ 83 ਕਿਲੋ ਵਜ਼ਨ ਹੀ ਉਠਾ ਸਕੀ ਤੇ 86 ਕਿਲੋ ਵਜ਼ਨ ਚੁੱਕਣ ਦੀਆਂ ਦੋ ਕੋਸ਼ਿਸ਼ਾਂ ਵਿੱਚ ਸਫ਼ਲ ਨਾ ਹੋ ਸਕੀ। ਆਖ਼ਰੀ ਸਨੈਚ ਵਿੱਚ ਉਹ ਸਕੁਐਟ ਪੁਜ਼ੀਸ਼ਨ ਤੋਂ ਉੱਠ ਹੀ ਨਹੀਂ ਸਕੀ ਤੇ ਅੱਗੇ ਵੱਲ ਡਿੱਗ ਗਈ, ਜਿਸ ਕਾਰਨ ਵਜ਼ਨ ਉਸ ਦੀ ਪਿੱਠ ’ਤੇ ਡਿੱਗ ਗਿਆ। ਛੇ ਵੇਟਲਿਫਟਰਾਂ ਨੇ ਸਨੈਚ ਵਿੱਚ ਉਸ ਤੋਂ ਬਿਹਤਰ ਵਜ਼ਨ ਚੁੱਕਿਆ। -ਪੀਟੀਆਈ