ਅਮਨਜੋਤ ਤੇ ਹਰਲੀਨ ਦਾ ਨਿੱਘਾ ਸਵਾਗਤ
ਮਿੱਥੇ ਸਮੇਂ ਤੋਂ ਘੰਟੇ ਤੋਂ ਵੱਧ ਪੱਛੜ ਕੇ ਪੁੱਜੀ ਉਡਾਣ ਵਿੱਚੋਂ ਜਿਉਂ ਹੀ ਦੋਵੇਂ ਖਿਡਾਰਨਾਂ ਬਾਹਰ ਆਈਆਂ ਤਾਂ ਪ੍ਰਸ਼ੰਸਕਾਂ ਨੇ ਫੁੱਲਾਂ ਦੀ ਵਰਖਾ ਕਰ ਦਿੱਤੀ ਅਤੇ ਉਨ੍ਹਾਂ ਦੇ ਗਲਾਂ ਵਿਚ ਹਾਰ ਪਹਿਨਾਏ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ, ਜਸਵੰਤ ਕੌਰ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਪੰਜਾਬ ਸਰਕਾਰ ਵੱਲੋਂ ਖ਼ਿਡਾਰਨਾਂ ਨੂੰ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ। ਇਸ ਮਗਰੋਂ ਖਿਡਾਰਨਾਂ ਨੂੰ ਖੁੱਲ੍ਹੀ ਜੀਪ ’ਚ ਵਾਹਨਾਂ ਦੇ ਵੱਡੇ ਕਾਫ਼ਲੇ ਨਾਲ ਘਰੋ-ਘਰੀ ਲਿਜਾਇਆ ਗਿਆ। ਇਸ ਮੌਕੇ ਟਰੈਕਟਰ-ਟਰਾਲੀਆਂ ਉੱਤੇ ਖੜ੍ਹੇ ਢੋਲੀਆਂ ਅਤੇ ਭੰਗੜਾ ਟੀਮਾਂ ਤੋਂ ਇਲਾਵਾ ਖਿਡਾਰਨਾਂ ਦੇ ਪ੍ਰਸ਼ੰਸਕਾਂ ਦੇ ਵਾਹਨ ਵੀ ਕਾਫ਼ਲੇ ਵਿੱਚ ਸ਼ਾਮਿਲ ਸਨ।
ਹਰਲੀਨ ਦਿਓਲ ਤੇ ਅਮਨਜੋਤ ਕੌਰ ਨੇ ਸਵਾਗਤ ਉੱਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਆਪਣੇ ਘਰ ਪੁੱਜਣ ਉਤੇ ਹੋਏ ਸਨਮਾਨ ਤੇ ਸਵਾਗਤ ਨਾਲ ਉਨ੍ਹਾਂ ਨੂੰ ਹੋਰ ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਨਾ ਮਿਲੇਗੀ। ਉਨ੍ਹਾਂ ਸਭ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਣ।
ਇਸ ਮੌਕੇ ਅਮਨਜੋਤ ਦੇ ਪਰਿਵਾਰ ’ਚੋਂ ਪਿਤਾ ਭੁਪਿੰਦਰ ਸਿੰਘ, ਦਾਦਾ ਈਸ਼ਰ ਸਿੰਘ, ਛੋਟੀ ਭੈਣ ਕਮਲਜੋਤ, ਕੋਚ ਨਗੇਸ਼ ਗੁਪਤਾ ਅਤੇ ਹਰਲੀਨ ਦਿਓਲ ਦੇ ਪਰਿਵਾਰ ’ਚੋਂ ਪਿਤਾ ਬੀ ਐੱਸ ਦਿਓਲ, ਮਾਤਾ ਚਰਨਜੀਤ ਕੌਰ ਅਤੇ ਭਰਾ ਮਨਜੋਤ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਪਰਮਜੀਤ ਕੌਰ ਲਾਂਡਰਾਂ ਸਮੇਤ ਸ਼ਹਿਰ ਦੇ ਕੌਂਸਲਰ ਤੇ ਹੋਰ ਮੋਹਤਬਰ ਮੌਜੂਦ ਸਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀਆਂ ਧੀਆਂ ਨੇ ਨਾ ਸਿਰਫ ਪੰਜਾਬ ਬਲਕਿ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਵਿਸ਼ਵ ਚੈਂਪੀਅਨ ਬਣਨ ਤੋਂ ਮਹਿਲਾ ਕ੍ਰਿਕਟ ਵਿੱਚ ਨਵੀਂ ਕ੍ਰਾਂਤੀ ਆਵੇਗੀ। ਕਪਤਾਨ ਹਰਮਨਪ੍ਰੀਤ ਕੌਰ ਦੇ ਪੰਜਾਬ ਪਰਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤਿੰਨੇ ਖਿਡਾਰਨਾਂ ਦਾ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਕਰਨਗੇ। ਸਮਾਜ ਸੇਵੀ ਰੂਪਾ ਸੋਹਾਣਾ ਨੇ ਦੋਵਾਂ ਖਿਡਾਰਨਾਂ ਦਾ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨ ਕੀਤਾ। ਉਨ੍ਹਾਂ ਨਾਲ ਕੌਂਸਲਰ ਹਰਜੀਤ ਸਿੰਘ ਭੋਲੂ ਤੇ ਸਮਰਥਕ ਵੀ ਮੌਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਪੀ ਆਈ ਐੱਸ ਦੇ ਡਾਇਰੈਕਟਰ ਟ੍ਰੇਨਿੰਗ (ਦਰੋਣਾਚਾਰੀਆ ਐਵਾਰਡੀ) ਜੀਵਨਜੋਤ ਸਿੰਘ ਤੇਜਾ, ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਵੀ ਹਾਜ਼ਰ ਸਨ।
