ਵਾਲੀਬਾਲ: ਮੁਹਾਲੀ ਨੇ ਫਾਜ਼ਿਲਕਾ ਨੂੰ ਹਰਾਇਆ
ਰਾਜ ਪੱਧਰੀ ਮੁਕਾਬਲਿਆਂ ਵਿੱਚ ਲੁਧਿਆਣਾ, ਪਟਿਆਲਾ ਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਵੀ ਰਹੀਆਂ ਜੇਤੂ
Advertisement
ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 69ਵੀਆਂ ਰਾਜ ਪੱਧਰੀ ਖੇਡਾਂ ਤਹਿਤ 14 ਸਾਲ ਉਮਰ ਵਰਗ ਦੇ ਲੜਕਿਆਂ ਦੇ ਵਾਲੀਬਾਲ ਮੁਕਾਬਲੇ ਅੱਜ ਮੁਹਾਲੀ ਦੇ ਸੈਕਟਰ-63 ਸਥਿਤ ਬਹੁਮੰਤਵੀ ਖੇਡ ਕੰਪਲੈਕਸ ਵਿੱਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਏ। ਪਹਿਲੇ ਦਿਨ ਖੇਡੇ ਗਏ ਉਦਘਾਟਨੀ ਮੈਚ ਵਿੱਚ ਮੇਜ਼ਬਾਨ ਮੁਹਾਲੀ ਦੀ ਟੀਮ ਨੇ ਫਾਜ਼ਿਲਕਾ ਨੂੰ ਹਰਾ ਕੇ ਜੇਤੂ ਆਗਾਜ਼ ਕੀਤਾ। ਇਸ ਤੋਂ ਇਲਾਵਾ ਹੋਰਨਾਂ ਰੋਮਾਂਚਕ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਮਾਨਸਾ ਨੂੰ, ਪਟਿਆਲਾ ਨੇ ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਨੇ ਸੰਗਰੂਰ, ਅੰਮ੍ਰਿਤਸਰ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ, ਗੁਰਦਾਸਪੁਰ ਨੇ ਕਪੂਰਥਲਾ, ਬਠਿੰਡਾ ਨੇ ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਨੇ ਬਰਨਾਲਾ ਅਤੇ ਪੀ ਆਈ ਐੱਸ ਮੁਹਾਲੀ ਨੇ ਜਲੰਧਰ ਨੂੰ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ ਹੈ।
ਇਸ ਤੋਂ ਪਹਿਲਾਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਉਦਘਾਟਨੀ ਮੈਚ ਖੇਡਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਪ੍ਰਿੰਸੀਪਲ ਸ਼ਲਿੰਦਰ ਸਿੰਘ, ਪਰਮਵੀਰ ਕੌਰ, ਸੁਨੀਤਾ ਰਾਣੀ, ਕੁਲਦੀਪ ਕੌਰ, ਕਮਲਜੀਤ ਸਿੰਘ ਤੇ ਹੋਰ ਹਾਜ਼ਰ ਸਨ।
Advertisement
Advertisement