ਨਿਸ਼ਾਨੇਬਾਜ਼ੀ ਕੋਚ ਦੇ ਅਹੁਦੇ ਲਈ ਨਜ਼ਰਅੰਦਾਜ਼ ਕਰਨ ਤੋਂ ਵਿਜੈ ਕੁਮਾਰ ਖ਼ਫ਼ਾ
ਨਵੀਂ ਦਿੱਲੀ, 24 ਜੂਨ
ਰਾਸ਼ਟਰੀ ਨਿਸ਼ਾਨੇਬਾਜ਼ੀ ਫੈਡਰੇਸ਼ਨ ਵੱਲੋਂ ਕੌਮੀ ਕੋਚ ਦੇ ਅਹੁਦੇ ਲਈ ਵਾਰ-ਵਾਰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਖਫਾ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਵਿਜੈ ਕੁਮਾਰ ਨੇ ਫੈਡਰੇਸ਼ਨ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਉਸ ਦੀਆਂ ਪ੍ਰਾਪਤੀਆਂ ’ਤੇ ਵਿਚਾਰ ਕਰਨ ਅਤੇ ਨਿਸ਼ਾਨੇਬਾਜ਼ਾਂ ਦੀ ਅਗਲੀ ਪੀੜ੍ਹੀ ਤਿਆਰ ਕਰਨ ਦਾ ਮੌਕਾ ਦੇਣ ਦੀ ਅਪੀਲ ਕੀਤੀ ਹੈ। ਲੰਡਨ ਓਲੰਪਿਕ 2012 ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪਿਸਟਲ ਨਿਸ਼ਾਨੇਬਾਜ਼ ਵਿਜੈ ਨੇ ਕਿਹਾ ਕਿ ਕਈ ਅਜਿਹੇ ਕੋਚਾਂ ਨੂੰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਕੋਲ ਕੌਮਾਂਤਰੀ ਪੱਧਰ ਦਾ ਤਜਰਬਾ ਨਹੀਂ ਹੈ ਪਰ ਯੋਗਤਾ ਦੇ ਬਾਵਜੂਦ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨਆਰਏਆਈ) ਦੇ ਪ੍ਰਧਾਨ ਕਲਿਕੇਸ਼ ਸਿੰਘ ਦਿਓ ਨੇ ਕਿਹਾ ਕਿ ਉਨ੍ਹਾਂ ਨੂੰ ਵਿਜੈ ਦੇ ਪੱਤਰ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਯੋਗ ਦਾਅਵੇਦਾਰ ਹੈ। ਉਨ੍ਹਾਂ ਕਿਹਾ ਕਿ ਕਜ਼ਾਖਸਤਾਨ ਵਿੱਚ 16 ਤੋਂ 30 ਅਗਸਤ ਤੱਕ ਹੋਣ ਵਾਲੀ ਏਸ਼ਿਆਈ ਚੈਂਪੀਅਨਸ਼ਿਪ ਤੋਂ ਬਾਅਦ ਕੋਚਾਂ ਦੀ ਨਿਯੁਕਤੀ ਬਾਰੇ ਮੁੜ ਸਮੀਖਿਆ ਕੀਤੀ ਜਾਵੇਗੀ। -ਪੀਟੀਆਈ