ਯੂਨੀਵਰਸਿਟੀ ਖੇਡਾਂ: ਸਟੀਪਲਚੇਜ਼ਰ ਅੰਕਿਤਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ
ਸ਼ੁੱਕਰਵਾਰ ਨੂੰ ਅੰਕਿਤਾ ਨੇ 9:54.79 ਸੈਕਿੰਡ ਦੇ ਸਮੇਂ ਨਾਲ ਹੀਟ 1 ਵਿੱਚ ਸਿਖਰ ’ਤੇ ਰਹਿ ਕੇ ਫਾਈਨਲ ’ਚ ਜਗ੍ਹਾ ਪੱਕੀ ਕੀਤੀ ਸੀ। ਇਸ ਤਰ੍ਹਾਂ ਭਾਰਤ ਨੇ ਇਸ ਵੱਕਾਰੀ ਮੁਕਾਬਲੇ ਵਿੱਚ ਕੁੱਲ 12 ਤਗ਼ਮਿਆਂ ਨਾਲ ਆਪਣੀ ਮੁਹਿੰਮ ਖ਼ਤਮ ਕੀਤੀ। ਇਨ੍ਹਾਂ ਵਿੱਚ ਦੋ ਸੋਨੇ, ਪੰਜ ਚਾਂਦੀ ਅਤੇ ਪੰਜ ਕਾਂਸੇ ਦੇ ਤਗ਼ਮੇ ਸ਼ਾਮਲ ਹਨ।
ਪੁਰਸ਼ਾਂ ਦੀ 4x100 ਮੀਟਰ ਰਿਲੇਅ ਟੀਮ, ਜਿਸ ਵਿੱਚ ਲਾਲੂ ਪ੍ਰਸਾਦ, ਅਨੀਮੇਸ਼ ਕੁਜੂਰ, ਮਣੀਕਾਂਤ ਹੋਬਲੀਧਰ ਅਤੇ ਮ੍ਰਿਤਯਮ ਜੈਰਾਮ ਸ਼ਾਮਲ ਸਨ, ਨੇ 38.89 ਸੈਕਿੰਡ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਦੱਖਣੀ ਕੋਰੀਆ ਦੀ ਟੀਮ 38.50 ਸੈਕਿੰਡ ਨਾਲ ਪਹਿਲੇ, ਜਦਕਿ ਦੱਖਣੀ ਅਫਰੀਕਾ ਦੀ ਟੀਮ 38.80 ਸੈਕਿੰਡ ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਹੀ।
ਭਾਰਤ ਦਾ ਪੈਦਲ ਚਾਲ ਵਿੱਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਪੁਰਸ਼ ਤੇ ਮਹਿਲਾ ਵਰਗ ’ਚੋਂ ਕੋਈ ਵੀ ਭਾਰਤੀ ਅਥਲੀਟ ਸਿਖਰਲੇ 10 ਵਿੱਚ ਜਗ੍ਹਾ ਨਹੀਂ ਬਣਾ ਸਕਿਆ। ਹਾਲਾਂਕਿ ਮੁਨੀਤਾ, ਮਾਨਸੀ ਅਤੇ ਸੇਜਲ ਦੀ ਤਿਕੜੀ ਨੇ ਮਹਿਲਾ 20 ਕਿਲੋਮੀਟਰ ਟੀਮ ਪੈਦਲ ਚਾਲ ਵਿੱਚ ਕਾਂਸੇ ਦਾ ਤਗਮਾ ਜਿੱਤਿਆ।
ਭਾਰਤੀ ਮਹਿਲਾ 4x400 ਮੀਟਰ ਰਿਲੇਅ ਟੀਮ ਨੇ 3:35.08 ਸੈਕਿੰਡ ਦੇ ਸੀਜ਼ਨ ਦੇ ਸਰਵੋਤਮ ਸਮੇਂ ਨਾਲ ਮੁਕਾਬਲਾ ਪੂਰਾ ਕੀਤਾ ਪਰ ਇਹ ਤਗ਼ਮੇ ਲਈ ਕਾਫੀ ਨਹੀਂ ਸੀ। ਅਨਾਖਾ ਬਿਜੂਕੁਮਾਰ, ਦੇਵਯਾਨੀਬਾ ਜ਼ਾਲਾ, ਰਸ਼ਦੀਪ ਕੌਰ ਅਤੇ ਰੁਪਾਲ ਦੀ ਟੀਮ ਪੰਜਵੇਂ ਸਥਾਨ ’ਤੇ ਰਹੀ। ਜਰਮਨ ਟੀਮ ਨੇ 3:29.68 ਸੈਕਿੰਡ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ।
ਕੈਪਸ਼ਨ- ਚਾਂਦੀ ਦਾ ਤਗ਼ਮਾ ਜਿੱਤਣ ਮਗਰੋਂ ਤਿਰੰਗੇ ਨਾਲ ਖ਼ੁਸ਼ੀ ਦੇ ਰੌਂਅ ਵਿੱਚ ਭਾਰਤੀ ਸਟੀਪਲਚੇਜ਼ਰ ਅੰਕਿਤਾ।