ਅੰਡਰ-20 ਵਿਸ਼ਵ ਕੁਸ਼ਤੀ: ਸ਼ਰੁਤੀ, ਸਾਰਿਕਾ ਤੇ ਕਾਜਲ ਸੈਮੀਫਾਈਨਲ ’ਚ
ਭਾਰਤੀ ਮਹਿਲਾ ਪਹਿਲਵਾਨ ਸ਼ਰੁਤੀ, ਸਾਰਿਕਾ ਅਤੇ ਕਾਜਲ ਨੇ ਅੱਜ ਅੰਡਰ-20 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਆਪੋ-ਆਪਣੇ ਭਾਰ ਵਰਗ ਦੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ ਹੈ। ਇਨ੍ਹਾਂ ਤੋਂ ਇਲਾਵਾ ਗਰੀਕੋ ਰੋਮਨ ਪਹਿਲਵਾਨ ਸੂਰਜ ਨੇ 60 ਕਿੱਲੋ ਭਾਰ ਵਰਗ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਜਦਕਿ ਪ੍ਰਿੰਸ (82 ਕਿੱਲੋ ਭਾਰ) ਨੂੰ ਕੁਆਰਟਰ ਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਰੁਤੀ ਨੇ ਔਰਤਾਂ ਦੇ 50 ਕਿੱਲੋ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਵੀ. ਬਿਰਿਯੂਕੋਵਾ ਨੂੰ 5-4 ਨਾਲ ਤੇ ਫਿਰ ਪੋਲੈਂਡ ਦੀ ਅੰਨਾ ਯਾਸਕੇਵਿਚ ਨੂੰ 4-0 ਨਾਲ ਹਰਾਇਆ।
ਸਾਰਿਕਾ (53 ਕਿੱਲੋ ਭਾਰ) ਨੇ ਸੇਵਲ ਕਾਯਰ ਨੂੰ ਤਕਨੀਕੀ ਆਧਾਰ ’ਤੇ 12-2 ਨਾਲ ਹਰਾਉਣ ਮਗਰੋਂ ਕੁਆਰਟਰ ਫਾਈਨਲ ’ਚ ਚੀਨ ਦੀ ਤਿਆਨਯੂ ਸੁਨ ਖ਼ਿਲਾਫ਼ 8-0 ਨਾਲ ਜਿੱਤ ਦਰਜ ਕੀਤੀ। ਉਸ ਦਾ ਮੁਕਾਬਲਾ ਹੁਣ ਯੂਕਰੇਨ ਦੀ ਅਨਸਤਾਸੀਆ ਪੋਲਸਕਾ ਨਾਲ ਹੋੋਵੇਗਾ। ਇਸ ਤੋਂ ਇਲਾਵਾ ਕਾਜਲ (53 ਕਿੱਲੋ ਭਾਰ ਵਰਗ) ਨੇ ਤਕਨੀਕੀ ਆਧਾਰ ’ਤੇ ਈ.ਐੱਮ. ਅਪੋਸਤੋਲੋਵਾ ਨੂੰ 15-4 ਨਾਲ ਅਤੇ ਫਿਰ ਕੁਆਰਟਰ ਫਾਈਨਲ ਵਿੱਚ ਕਿਰਗਿਜ਼ਸਤਾਨ ਦੀ ਕੈਰਕੁਲ ਸ਼ਾਰਸ਼ੋਬਯੋਵਾ ਨੂੰ 7-0 ਨਾਲ ਹਰਾ ਕੇ ਸੈਮੀਫਾਈਨਲ ’ਚ ਕਦਮ ਰੱਖਿਆ। ਸੈਮੀਫਾਈਨਲ ’ਚ ਉਸ ਦਾ ਸਾਹਮਣਾ ਅਮਰੀਕਾ ਦੀ ਜੈਸਮੀਨ ਡੋਲੋਰੇਸ ਰੌਬਿਨਸਨ ਨਾਲ ਹੋਵੇਗਾ। ਰੀਨਾ (55 ਕਿੱਲੋ) ਤੇ ਪ੍ਰਿਆ (76 ਕਿੱਲੋ) ਪਹਿਲਾਂ ਹੀ ਫਾਈਨਲ ’ਚ ਪਹੁੰਚ ਚੁੱਕੀਆਂ ਹਨ।