ਜਪਾਨ ਦੇ ਦੋ ਮੁੱਕੇਬਾਜ਼ਾਂ ਦੀ ਮੌਤ
ਟੋਕੀਓ ਦੇ ਕੋਰਾਕੁਏਨ ਹਾਲ ਵਿੱਚ ਵੱਖ-ਵੱਖ ਮੁਕਾਬਲਿਆਂ ’ਚ ਦਿਮਾਗੀ ਸੱਟਾਂ ਕਾਰਨ ਦੋ ਜਪਾਨੀ ਮੁੱਕੇਬਾਜ਼ਾਂ ਦੀ ਮੌਤ ਹੋ ਗਈ। ਪਹਿਲੀ ਘਟਨਾ 2 ਅਗਸਤ ਨੂੰ ਵਾਪਰੀ, ਜਿਸ ਵਿੱਚ 28 ਸਾਲਾ ਮੁੱਕੇਬਾਜ਼ ਸ਼ਿਗੇਤੋਸ਼ੀ ਕੋਟਾਰੀ ਦੀ ਮੌਤ ਹੋ ਗਈ। ਉਹ ਓਰੀਐਂਟਲ ਅਤੇ ਪੈਸੀਫਿਕ ਮੁੱਕੇਬਾਜ਼ੀ ਫੈਡਰੇਸ਼ਨ ਜੂਨੀਅਰ ਲਾਈਟਵੇਟ ਚੈਂਪੀਅਨ ਯਾਮਾਟੋ ਹਾਤਾ ਖ਼ਿਲਾਫ਼ 12 ਰਾਊਂਡ ਦਾ ਮੈਚ ਖੇਡ ਰਿਹਾ ਸੀ।
ਮੈਚ ਖ਼ਤਮ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਦਿਮਾਗ ਅਤੇ ਖੋਪੜੀ ਦੇ ਵਿਚਕਾਰ ਖੂਨ ਜੰਮ ਗਿਆ ਸੀ, ਜਿਸ ਨੂੰ ਸਬਡਿਊਰਲ ਹੇਮੇਟੋਮਾ ਕਿਹਾ ਜਾਂਦਾ ਹੈ। ਐਮਰਜੈਂਸੀ ਸਰਜਰੀ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਇਸ ਘਟਨਾ ’ਤੇ ਵਿਸ਼ਵ ਮੁੱਕੇਬਾਜ਼ੀ ਸੰਗਠਨ (ਡਬਲਿਊਬੀਓ) ਨੇ ਸੋਗ ਪ੍ਰਗਟ ਕੀਤਾ ਅਤੇ ਸ਼ਿਗੇਤੋਸ਼ੀ ਨੂੰ ‘ਰਿੰਗ ਦਾ ਯੋਧਾ’ ਦੱਸਿਆ।
ਦੂਜੀ ਘਟਨਾ ਸ਼ਨਿਚਵਾਰ ਨੂੰ ਵਾਪਰੀ, ਜਿੱਥੇ ਇੱਕ ਹੋਰ 28 ਸਾਲਾ ਜਪਾਨੀ ਮੁੱਕੇਬਾਜ਼ ਹਿਰੋਮਾਸਾ ਉਰਾਕਾਵਾ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਯੋਜੀ ਸੈਤੋ ਖ਼ਿਲਾਫ਼ ਮੈਚ ਵਿੱਚ ਨਾਕਆਊਟ ਹੋ ਗਿਆ। ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।