ਇੰਦੌਰ ਵਿੱਚ ਦੋ ਆਸਟਰੇਲਿਆਈ ਮਹਿਲਾ ਕ੍ਰਿਕਟਰਾਂ ਨਾਲ ਛੇੜਛਾੜ; ਮੁਲਜ਼ਮ ਗ੍ਰਿਫ਼ਤਾਰ
ਆਈਸੀਸੀ ਮਹਿਲਾ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀਆਂ ਦੋ ਆਸਟਰੇਲਿਆਈ ਦੋ ਮਹਿਲਾ ਕ੍ਰਿਕਟਰਾਂ ਦਾ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਕਥਿਤ ਤੌਰ ’ਤੇ ਪਿੱਛਾ ਕੀਤਾ ਗਿਆ ਅਤੇ ਉਨ੍ਹਾਂ ਵਿੱਚੋਂ ਇੱਕ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਨੇ ਛੇੜਛਾੜ ਕੀਤੀ। ਪੁਲੀਸ ਦੇ ਇੱਕ ਅਧਿਕਾਰੀ ਨੇ ਅੱਜ ਕਿਹਾ ਕਿ ਵੀਰਵਾਰ ਸਵੇਰੇ ਖਜਰਾਣਾ ਰੋਡ ਇਲਾਕੇ ਵਿੱਚ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਮੁਲਜ਼ਮ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ।
ਸਬ-ਇੰਸਪੈਕਟਰ ਨਿਧੀ ਰਘੂਵੰਸ਼ੀ ਨੇ ਕਿਹਾ ਕਿ ਦੋਵੇਂ ਮਹਿਲਾ ਕ੍ਰਿਕਟਰ ਆਪਣੇ ਹੋਟਲ ਤੋਂ ਨਿਕਲ ਕੇ ਇੱਕ ਕੈਫੇ ਵੱਲ ਜਾ ਰਹੀਆਂ ਸਨ ਤਾਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਰਘੂਵੰਸ਼ੀ ਮੁਤਾਬਕ ਉਸ ਵਿਅਕਤੀ ਨੇ ਕਥਿਤ ਤੌਰ ’ਤੇ ਇੱਕ ਕ੍ਰਿਕਟਰ ਨੂੰ ਗਲਤ ਤਰੀਕੇ ਨਾਲ ਛੂਹਿਆ ਤੇ ਫਰਾਰ ਹੋ ਗਿਆ। ਦੋਵਾਂ ਕ੍ਰਿਕਟਰਾਂ ਨੇ ਆਪਣੀ ਟੀਮ ਦੇ ਸੁਰੱਖਿਆ ਅਧਿਕਾਰੀ, ਡੈਨੀ ਸਿਮਨਸ ਨਾਲ ਸੰਪਰਕ ਕੀਤਾ, ਜਿਸ ਨੇ ਸਥਾਨਕ ਸੁਰੱਖਿਆ ਸੰਪਰਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਤੇ ਸਹਾਇਤਾ ਲਈ ਵਾਹਨ ਭੇਜਿਆ। ਸਹਾਇਕ ਕਮਿਸ਼ਨਰ ਪੁਲੀਸ ਹਿਮਾਨੀ ਮਿਸ਼ਰਾ ਨੇ ਦੋਵਾਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਐੱਮਆਈਜੀ ਥਾਣੇ ਵਿੱਚ ਇਸ ਸਬੰਧੀ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਇੱਕ ਰਾਹਗੀਰ ਨੇ ਮਸ਼ਕੂਕ ਦਾ ਮੋਟਰਸਾਈਕਲ ਨੰਬਰ ਨੋਟ ਕਰ ਲਿਆ ਸੀ, ਜਿਸ ਦੇ ਆਧਾਰ ’ਤੇ ਮੁਲਜ਼ਮ ਅਕੀਲ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਖਾਨ ਵਿਰੁੱਧ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਹਨ ਅਤੇ ਜਾਂਚ ਜਾਰੀ ਹੈ।
ਦੂਜੇ ਪਾਸੇ ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐੱਮਪੀਸੀਏ) ਨੇ ਆਸਟਰੇਲਿਆਈ ਮਹਿਲਾ ਕ੍ਰਿਕਟਰਾਂ ਨਾਲ ਛੇੜਛਾੜ ਦੀ ਘਟਨਾ ਨੂੰ ਸ਼ਰਮਨਾਕ ਕਰਾਰ ਦਿੱਤਾ ਤੇ ਨਾਰਾਜ਼ਗੀ ਜਤਾਈ ਹੈ। ਐਸੋਸੀਏਸ਼ਨ ਨੇ ਕਿਹਾ, ‘‘ਇੱਕ ਵਿਅਕਤੀ ਦੀ ਗਲਤ ਹਰਕਤ ਨਾਲ ਸ਼ਹਿਰ ਦਾ ਸਾਖ ਨੂੰ ਢਾਹ ਲੱਗੀ ਹੈ। ਮੇਜ਼ਾਬਾਨ ਹੋਣ ਨਾਤੇ ਐੱਮਪੀਸੀਏ ਆਸਟਰੇਲਿਆਈ ਮਹਿਲਾ ਟੀਮ ਤੋਂ ਇਸ ਦੁਖਦਾਈ ਤੇ ਮਾੜੀ ਘਟਨਾ ਲਈ ਤਹਿ-ਦਿਲੋਂ ਮੁਆਫ਼ੀ ਮੰਗਦਾ ਹੈ।
ਪੀਟੀਆਈ
ਕੋਲਕਾਤਾ: ਇੰਦੌਰ ਦੀ ਘਟਨਾ ਨੇ ਪੂਰੀ ਦੁਨੀਆ ’ਚ ਭਾਰਤ ਦੀ ਸਾਖ ਵਿਗਾੜੀ
ਕੋਲਕਾਤਾ: ਤ੍ਰਿਣਮੂਲ ਕਾਂਗਰਸ (TMC) ਨੇ ਅੱਜ ਕਿਹਾ ਕਿ ਭਾਜਪਾ ਦੇ ਸ਼ਾਸਨ ਵਾਲੇ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਆਸਟਰੇਲਿਆਈ ਮਹਿਲਾ ਕ੍ਰਿਕਟਰਾਂ ਨਾਲ ਛੇੜਛਾੜ ਦੀ ਘਟਨਾ ਨੇ ਪੂਰੀ ਦੁਨੀਆ ਸਾਹਮਣੇ ਭਾਰਤ ਦੇ ਵੱਕਾਰ ਨੂੰ ਢਾਹ ਲਾਈ ਹੈ। ਟੀਐੱਮਸੀ ਦੇ ਜਨਰਲ ਸਕੱਤਰ ਕੁਨਾਲ ਘੋਸ਼ ਨੇ ਆਖਿਆ, ‘‘ਆਸਟਰੇਲਿਆਈ ਮਹਿਲਾ ਕ੍ਰਿਕਟਰਾਂ ਨਾਲ ਛੇੜਛਾੜ ਦੀ ਘਟਨਾ ਭਾਜਪਾ ਦੀ double-engine government ਦਾ ਰਾਜ ’ਚ ਹੋਈ। ਇਸ ਨੇ ਪੂਰੀ ਦੁਨੀਆ ਸਾਹਮਣੇ ਸਾਡੇ ਸਿਰ ਨੀਵੇਂ ਕੀਤੇ ਹਨ ਭਾਰਤ ਦਾ ਅਕਸ ਵਿਗਾੜਿਆ ਹੈ। ਇਹ ਭਾਜਪਾ ਦੇ ਸ਼ਾਸਨ ਦੌਰਾਨ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦੀ ਸੱਚਾਈ ਹੈ।’’ ਘੋਸ਼ ਨੇ ਕਿਹਾ, ‘‘ਸਾਨੂੰ ਪਤਾ ਲੱਗ ਹੈ ਕਿ ਇਸ ਸ਼ਰਮਨਾਕ ਘਟਨਾ ਦੇ ਸਬੰਧ ’ਚ ਇੱਕ ਮੁਲਜ਼ਮ ਫੜਿਆ ਗਿਆ ਹੈ। ਪਰ, ਸਾਨੂੰ ਨਹੀਂ ਪਤਾ ਕਿ ਇਸ ਘਟਨਾ ਪਿਛਲੇ ਅਸਲੀ ਸਾਜ਼ਿਸ਼ਘਾੜੇ ਦੀ ਪਛਾਣ ਕੀਤੀ ਗਈ ਹੈ ਜਾਂ ਨਹੀਂ। ਅਸੀਂ ਚਾਹੁੰਦੇ ਹਾਂ ਕਿ ਨਿਰਪੱਖ ਹੋਵੇ ਤੇ ਦੋਸ਼ੀ ਨੂੰ ਜਲਦ ਸਜ਼ਾ ਦਿੱਤੀ ਜਾਵੇ।’’
