ਕਲੱਚ ਸ਼ਤਰੰਜ ਚੈਂਪੀਅਨਜ਼ ’ਚ ਗੁਕੇਸ਼ ਅੱਗੇ ਸਖ਼ਤ ਚੁਣੌਤੀ
ਵਿਸ਼ਵ ਦਾ ਅੱਵਲ ਨੰਬਰ ਖਿਡਾਰੀ ਕਾਰਲਸਨ ਵੀ ਬਰੇਕ ਮਗਰੋਂ ਟੂਰਨਾਮੈਂਟ ’ਚ ਵਾਪਸੀ ਕਰੇਗਾ
Advertisement
ਸ਼ਤਰੰਜ ਦੇ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਇੱਥੇ ਸ਼ੁਰੂ ਹੋ ਰਹੇ ਕਲੱਚ ਸ਼ਤਰੰਜ ਚੈਂਪੀਅਨ ਮੁਕਾਬਲੇ ਵਿੱਚ ਹੁਣ ਤੱਕ ਦੀ ਸਭ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਯੂਰੋਪੀਅਨ ਕਲੱਬ ਕੱਪ ਵਿੱਚ ਆਪਣੀ ਟੀਮ ‘ਸੁਪਰ ਚੈੱਸ’ ਨੂੰ ਸ਼ਾਨਦਾਰ ਜਿੱਤ ਦਿਵਾਉਣ ਤੋਂ ਬਾਅਦ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਅਮਰੀਕਾ ਪਹੁੰਚੇ ਗੁਕੇਸ਼ ਨੇ ਜੇ ਜਿੱਤਣਾ ਹੈ ਤਾਂ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ। ਵਿਸ਼ਵ ਰੈਂਕਿੰਗ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਕਾਬਜ਼ ਖਿਡਾਰੀ ਵੀ ਇਸ ਮੁਕਾਬਲੇ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰਨਗੇ।ਦੁਨੀਆ ਦਾ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਪਿਤਾ ਬਣਨ ਤੋਂ ਬਾਅਦ ਬਰੇਕ ਤੋਂ ਵਾਪਸੀ ਕਰ ਰਿਹਾ ਹੈ ਅਤੇ ਉਹ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗਾ। ਉਸ ਤੋਂ ਇਲਾਵਾ ਅਮਰੀਕਾ ਦਾ ਹਿਕਾਰੂ ਨਾਕਾਮੁਰਾ ਅਤੇ ਫੈਬੀਆਨੋ ਕਾਰੂਆਨਾ ਵੀ 18 ਗੇਮਾਂ ਤੱਕ ਚੱਲਣ ਵਾਲੇ ਇਸ ਮੁਕਾਬਲੇ ਵਿੱਚ ਚੈਂਪੀਅਨ ਬਣਨ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਹਨ।
ਦੋ ਹਫ਼ਤਿਆਂ ਦੇ ਅੰਦਰ ਹੋ ਰਹੇ ਕਲੱਚ ਸ਼ਤਰੰਜ ਦੇ ਇਸ ਦੂਜੇ ਟੂਰਨਾਮੈਂਟ ਵਿੱਚ ਵੱਡੀ ਇਨਾਮੀ ਰਾਸ਼ੀ ਦਾਅ ’ਤੇ ਲੱਗੀ ਹੈ। ਇਸ ਦੇ ਜੇਤੂ ਨੂੰ 1,20,000 ਅਮਰੀਕੀ ਡਾਲਰ ਮਿਲਣਗੇ। ਦੂਜੇ ਸਥਾਨ ’ਤੇ ਰਹਿਣ ਵਾਲੇ ਨੂੰ 90,000 ਅਮਰੀਕੀ ਡਾਲਰ, ਤੀਜੇ ਤੇ ਚੌਥੇ ਸਥਾਨ ਲਈ ਕ੍ਰਮਵਾਰ 70,000 ਤੇ 60,000 ਅਮਰੀਕੀ ਡਾਲਰ ਦਾ ਇਨਾਮ ਹੈ। ਇਸ ਤੋਂ ਇਲਾਵਾ ਹਰ ਗੇੜ ਵਿੱਚ ਹਰ ਜਿੱਤ ’ਤੇ 72,000 ਅਮਰੀਕੀ ਡਾਲਰ ਦੀ ਵਾਧੂ ਰਾਸ਼ੀ ਵੀ ਦਾਅ ’ਤੇ ਲੱਗੀ ਹੋਵੇਗੀ।
Advertisement
Advertisement
