India demolish England ਤੀਜਾ ਇਕ ਰੋਜ਼ਾ: ਭਾਰਤ ਨੇ ਇੰਗਲੈਂਡ ਨੂੰ 142 ਦੌੜਾਂ ਨਾਲ ਹਰਾਇਆ, ਲੜੀ 3-0 ਨਾਲ ਜਿੱਤੀ
ਅਹਿਮਦਾਬਾਦ, 12 ਫਰਵਰੀ
ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਵੱਲੋਂ ਕਰੀਅਰ ਦੇ 7ਵੇਂ ਸੈਂਕੜੇ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਤੀਜੇ ਤੇ ਆਖਰੀ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਇੰਗਲੈਂਡ ਨੂੰ 142 ਦੌੜਾਂ ਦੀ ਕਰਾਰੀ ਸ਼ਿਕਸਤ ਦਿੰਦਿਆਂ ਲੜੀ ਵਿਚ 3-0 ਨਾਲ ਹੂੰਝਾਫੇਰ ਜਿੱਤ ਦਰਜ ਕੀਤੀ ਹੈ।
ਭਾਰਤ ਵੱਲੋਂ ਦਿੱਤੇ 357 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ ਭਾਰਤ ਦੀ ਸ਼ਾਨਦਾਰ ਗੇਂਦਰਾਜ਼ੀ ਅੱਗੇ 34.2 ਓਵਰਾਂ ਵਿਚ 214 ਦੌੜਾਂ ’ਤੇ ਆਊਟ ਹੋ ਗਈ। ਭਾਰਤ ਲਈ ਅਕਸ਼ਰ ਪਟੇਲ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਤੇ ਹਾਰਦਿਕ ਪੰਡਿਆ ਨੇ ਦੋ-ਦੋ ਵਿਕਟ ਲਏ।
ਇੰਗਲੈਂਡ ਲਈ ਹੇਠਲੇ ਕ੍ਰਮ 8ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਗਸ ਐਟਕਿਨਸਨ ਤੇ ਟੌਮ ਬੈਨਟਨ ਨੇ 38-38 ਦੌੜਾਂ ਦਾ ਯੋਗਦਾਨ ਪਾਇਆ। ਇਨ੍ਹਾਂ ਦੋਵਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਬੈਨ ਡਕੇਟ (34) ਹੀ 30 ਦੌੜਾਂ ਦੇ ਅੰਕੜੇ ਨੂੰ ਪਾਰ ਸਕਿਆ।
ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 356 ਦੌੜਾਂ ਦਾ ਸਕੋਰ ਬਣਾਇਆ। ਸ਼ੁਭਮਨ ਗਿੱਲ ਨੇ 104 ਗੇਂਦਾਂ ਵਿਚ ਤਿੰਨ ਛੱਕਿਆਂ ਤੇ 14 ਚੌਕਿਆਂ ਦੀ ਮਦਦ ਨਾਲ 112 ਦੌੜਾਂ ਦੀ ਪਾਰੀ ਖੇਡੀ। ਗਿੱਲ ਨੇ ਵਿਰਾਟ ਕੋਹਲੀ (52) ਨਾਲ ਦੂਜੇ ਵਿਕਟ ਲਈ 116 ਤੇ ਸ਼੍ਰੇਅਸ ਅੱਈਅਰ (78) ਨਾਲ ਤੀਜੇ ਵਿਕਟ ਲਈ 104 ਦੌੜਾਂ ਦੀ ਭਾਈਵਾਲੀ ਕੀਤੀ।
ਇੰਗਲੈਂਡ ਲਈ ਲੈੱਗ ਸਪਿੰਨਰ ਆਦਿਲ ਰਾਸ਼ਿਦ 64 ਦੌੜਾਂ ਬਦਲੇ ਚਾਰ ਵਿਕਟ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ 45 ਦੌੜਾਂ ਬਦਲੇ ਦੋ ਵਿਕਟ ਲਏ। -ਪੀਟੀਆਈ
ਦੋਵਾਂ ਟੀਮਾਂ ਨੇ ‘ਅੰਗ ਦਾਨ’ ਦਾ ਦਿੱਤਾ ਸੁਨੇਹਾ
ਅਹਿਮਦਾਬਾਦ: ਭਾਰਤ ਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ‘ਅੰਗ ਦਾਨ ਕਰੋ, ਜੀਵਨ ਬਚਾਓ’ ਮੁਹਿੰਮ ਦੀ ਹਮਾਇਤ ’ਚ ਅੱਜ ਇੱਥੇ ਨਰਿੰਦਰ ਮੋਦੀ ਸਟੇਡੀਅਮ ’ਚ ਤੀਜੇ ਤੇ ਆਖਰੀ ਇੱਕ ਰੋਜ਼ਾ ਮੈਚ ’ਚ ਬਾਂਹ ’ਤੇ ਹਰੀ ਪੱਟੀ ਬੰਨ੍ਹ ਕੇ ਖੇਡੀਆਂ। ਬੀਸੀਸੀਆਈ ਨੇ ਮੈਚ ਸ਼ੁਰੂ ਹੋਣ ਮਗਰੋਂ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਕ੍ਰਿਕਟ ਬੋਰਡ ਨੇ ਕਿਹਾ, ‘‘ਅਤੇ ਕਿਹਾ ਕਿ ਦੋਵੇਂ ਟੀਮਾਂ ਬੀਸੀਸੀਆਈ ਦੀ ‘ਅੰਗ ਦਾਨ ਕਰੋ, ਜੀਵਨ ਬਚਾਓ’ ਮੁਹਿੰਮ ਦੀ ਹਮਾਇਤ ’ਚ ਬਾਂਹ ’ਤੇ ਹਰੀ ਪੱਟੀ ਬੰਨ੍ਹ ਕੇ ਖੇਡ ਰਹੀਆਂ ਹਨ। ਇਸ ਮੁਹਿੰਮ ਦੀ ਅਗਵਾਈ ਆਈਸੀਸੀ ਦੇ ਚੇਅਰਮੈਨ ਜੈ ਸ਼ਾਹ ਕਰ ਰਹੇ ਹਨ।’’ -ਪੀਟੀਆਈ