ਵਿਸ਼ਵ ਕੱਪ ਜਿੱਤਣ ਮਗਰੋਂ ਕ੍ਰਿਕਟ ਖਿਡਾਰਨਾਂ ਦਾ ਵਧਿਆ ਮੁੱਲ
ਆਈ ਸੀ ਸੀ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਮਗਰੋਂ ਮਹਿਲਾਵਾਂ ਦੀ ਭਾਰਤੀ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਦੀ ਕਮਾਈ ਕਈ ਗੁਣਾ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ। ਭਾਰਤੀ ਖਿਡਾਰਨਾਂ ਨੂੰ ਪੈਸਿਆਂ ਦੇ ਗੱਫੇ ਕਮਾਉਣ ਦਾ ਮੌਕਾ ਮਿਲ ਸਕਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਖਿਡਾਰਨਾਂ ਦੀਆਂ ਮੈਨੇਜਮੈਂਟ ਟੀਮਾਂ ਨੇ ਖ਼ੁਦ ਕੀਤਾ ਹੈ। ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਜਿਵੇਂ ਕਿ ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ ਤੇ ਜੈਮੀਮਾ ਰੌਡਰਿਗਜ਼ ਨੂੰ ਪਹਿਲਾਂ ਨਾਲੋਂ ਪੰਜਾਹ ਗੁਣਾ ਵੱਧ ਦੇ ਮੁਨਾਫ਼ੇ ਵਾਲੇ ਕਰਾਰ ਨਾਲ ਚੁਣਿਆ ਜਾ ਸਕਦਾ ਹੈ। ਖਿਡਾਰਨਾਂ ਨੂੰ ਆਪਣੇ ਉਤਪਾਦਾਂ ਦਾ ਚਿਹਰਾ ਬਣਾਉਣ ਲਈ ਆਟੋਮੋਬਾਈਲ ਕੰਪਨੀਆਂ ਤੋਂ ਲੈ ਕੇ ਬੈਂਕ ਤੱਕ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਹੋਰ ਕਈ ਵਸਤੂਆਂ ਵਾਲੇ ਉਤਪਾਦਾਂ ਦੇ ਇਸ਼ਤਿਹਾਰਾਂ, ਖ਼ਾਸ ਕਰ ਕੇ ਜੋ ਔਰਤਾਂ ਨਾਲ ਸਬੰਧਤ ਹਨ, ਲਈ ਵੀ ਭਾਰਤੀ ਖਿਡਾਰਨਾਂ ਨੂੰ ਸੱਦਿਆ ਜਾ ਸਕਦਾ ਹੈ। ਜੇ ਐੱਸ ਡਬਲਿਊ ਸਪੋਰਟਸ ਦੇ ਅਧਿਕਾਰੀ ਕਰਨ ਯਾਦਵ ਨੇ ਦੱਸਿਆ ਕਿ ਖਿਡਾਰਨਾਂ ਦੇ ਇਸ਼ਤਿਹਾਰਬਾਜ਼ੀ ਮੁੱਲ ਵਿੱਚ ਦੋ ਤੋਂ ਤਿੰਨ ਗੁਣਾ ਤੱਕ ਦੀ ਤੇਜ਼ੀ ਆਈ ਹੈ।
