ਨੇਪਾਲ ਨੂੰ ਹਰਾ ਕੇ ਭਾਰਤੀ ਕ੍ਰਿਕਟ ਟੀਮ ਸੈਮੀਫਾਈਨਲ ਵਿੱਚ
ਕਪਤਾਨ ਰੁਤੂਰਾਜ ਗਾਇਕਵਾੜ
ਹਾਂਗਜ਼ੂ: ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਸੈਂਕੜੇ ਅਤੇ ਰਵੀ ਬਿਸ਼ਨੋਈ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਪੁਰਸ਼ ਟੀ-20 ਕ੍ਰਿਕਟ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਨੇਪਾਲ ਨੂੰ 23 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 202 ਦੌੜਾਂ ਬਣਾਈਆਂ। ਇਸ ਮਗਰੋਂ ਨੇਪਾਲ ਨੌਂ ਵਿਕਟਾਂ ਦੇ ਨੁਕਸਾਨ ’ਤੇ ਸਿਰਫ 179 ਦੌੜਾਂ ਹੀ ਬਣਾ ਸਕਿਆ। ਜੈਸਵਾਲ ਨੇ 49 ਗੇਂਦਾਂ ਵਿੱਚ ਅੱਠ ਚੌਕਿਆਂ ਅਤੇ ਸੱਤ ਛਿੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ। ਜੈਸਵਾਲ ਨੇ ਕਪਤਾਨ ਰੁਤੂਰਾਜ ਗਾਇਕਵਾੜ (23 ਗੇਂਦਾਂ ਵਿੱਚ 25 ਦੌੜਾਂ) ਦੇ ਨਾਲ 59 ਗੇਂਦਾਂ ਵਿੱਚ 103 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਸ਼ਵਿਮ ਦੂਬੇ (19 ਗੇਂਦਾਂ ਵਿੱਚ ਨਾਬਾਦ 25 ਦੌੜਾਂ) ਅਤੇ ਰਿੰਕੂ ਸਿੰਘ (15 ਗੇਂਦਾਂ ਵਿੱਚ ਨਾਬਾਦ 37 ਦੌੜਾਂ) ਨੇ ਪੰਜਵੀਂ ਵਿਕਟ ਲਈ 22 ਗੇਂਦਾਂ ਵਿੱਚ 52 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਦਾ ਸਕੋਰ 200 ਤੋਂ ਪਾਰ ਪਹੁੰਚਾਇਆ। ਟੀਚੇ ਦਾ ਪਿੱਛਾ ਕਰਦਿਆਂ ਨੇਪਾਲ ਦੀ ਟੀਮ 13 ਓਵਰਾਂ ’ਚ ਚਾਰ ਵਿਕਟਾਂ ਦੇ ਨੁਕਸਾਨ ’ਤੇ 120 ਦੌੜਾਂ ਬਣਾ ਕੇ ਚੰਗੀ ਸਥਿਤੀ ’ਚ ਸੀ ਪਰ ਬਾਅਦ ਵਿੱਚ ਭਾਰਤ ਨੇ ਮੈਚ ’ਤੇ ਪਕੜ ਬਣਾ ਲਈ। -ਪੀਟੀਆਈ