ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਤੋਂ
ਵਿਵਾਦਾਂ ਨਾਲ ਘਿਰਿਆ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਵੇਂ ਭਾਰਤੀ ਟੀਮ ਨੂੰ ਲੰਬਾ ਆਰਾਮ ਨਾ ਮਿਲਿਆ ਹੋਵੇ ਪਰ ਖਰਾਬ ਲੈਅ ਨਾਲ ਜੂਝ ਰਹੀ ਵੈਸਟਇੰਡੀਜ਼ ਦੀ ਟੀਮ ਖ਼ਿਲਾਫ਼ ਵੀਰਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਮੈਚ ਵਿੱਚ ਸ਼ੁਭਮਨ ਗਿੱਲ ਦੀ ਅਗਵਾਈ ਹੇਠਲੀ ਟੀਮ ਦਾ ਪੱਲਾ ਭਾਰੀ ਰਹੇਗਾ। ਮੈਚ ਸਵੇਰੇ 9:30 ਵਜੇ ਤੋਂ ਸ਼ੁਰੂ ਹੋਵੇਗਾ। ਅਹਿਮਦਾਬਾਦ ਵਿੱਚ ਇਸ ਵਾਰ ਹਾਲਾਤ ਵੱਖਰੇ ਹਨ ਅਤੇ ਪਿੱਚ ਹਰੀ ਭਰੀ ਦਿਖਾਈ ਦੇ ਰਹੀ ਹੈ। ਮੌਸਮ ਹੁੰਮਸ ਭਰਿਆ ਹੈ ਅਤੇ ਟੈਸਟ ਮੈਚ ਦੌਰਾਨ ਥੋੜ੍ਹਾ-ਬਹੁਤਾ ਮੀਂਹ ਵੀ ਪੈ ਸਕਦਾ ਹੈ। ਕਪਤਾਨ ਗਿੱਲ ਸਮੇਤ ਭਾਰਤੀ ਟੀਮ ਦੇ ਜ਼ਿਆਦਾਤਰ ਮੈਂਬਰ ਅਤੇ ਮੁੱਖ ਕੋਚ ਗੌਤਮ ਗੰਭੀਰ ਦੁਬਈ ਤੋਂ ਇੱਥੇ ਪਹੁੰਚ ਗਏ ਹਨ ਅਤੇ ਲਾਲ ਗੇਂਦ ਦੇ ਫਾਰਮੈਟ ਵਿੱਚ ਖੇਡਣ ਲਈ ਤਿਆਰ ਹਨ। ਦੋ ਮੈਚਾਂ ਇਸ ਲੜੀ ਦੀ ਅਹਿਮੀਅਤ ਇਸ ਲਈ ਵੀ ਹੈ ਕਿਉਂਕਿ ਇਸ ਦੇ ਅੰਕ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਵੀ ਜੁੜਨਗੇ। ਇੰਗਲੈਂਡ ਵਿੱਚ ਟੈਸਟ ਲੜੀ 2-2 ਨਾਲ ਡਰਾਅ ਕਰਾਉਣ ਤੋਂ ਬਾਅਦ ਗਿੱਲ ਦੀ ਟੀਮ ਤੀਜੇ ਸਥਾਨ ’ਤੇ ਹੈ, ਜਦਕਿ ਇੰਗਲੈਂਡ ਇੱਕ ਅੰਕ ਪਿੱਛੇ ਹੈ। ਦੂਜੇ ਪਾਸੇ ਰੋਸਟਨ ਚੇਜ਼ ਦੀ ਅਗਵਾਈ ਹੇਠਲੀ ਵੈਸਟਇੰਡੀਜ਼ ਦੀ ਟੀਮ 2025-27 ਡਬਲਿਊਟੀਸੀ ਚੱਕਰ ਵਿੱਚ ਤਿੰਨ ਟੈਸਟ ਹਾਰ ਚੁੱਕੀ ਹੈ। ਪਹਿਲੇ ਟੈਸਟ ਵਿੱਚ ਪਿੱਚ ’ਤੇ ਘਾਹ ਹੋਣ ਕਾਰਨ ਭਾਰਤੀ ਟੀਮ ਦੇ ਸੁਮੇਲ ਵਿੱਚ ਬਦਲਾਅ ਹੋ ਸਕਦਾ ਹੈ।