ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟੈਸਟ ਦਰਜਾਬੰਦੀ: ਸਿਰਾਜ ਸਰਵੋਤਮ 15ਵੇਂ ਸਥਾਨ ’ਤੇ

ਇੰਗਲੈਂਡ ਖ਼ਿਲਾਫ਼ ਆਖਰੀ ਮੈਚ ਵਿੱਚ ਨੌਂ ਵਿਕਟਾਂ ਲੈਣ ਮਗਰੋਂ 12 ਸਥਾਨਾਂ ਦਾ ਹੋਇਆ ਫਾਇਦਾ; ਬੁਮਰਾਹ ਸਿਖਰ ’ਤੇ ਬਰਕਰਾਰ
Advertisement

ਭਾਰਤ ਦਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਓਵਲ ਵਿੱਚ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੈਸਟ ਦਰਜਾਬੰਦੀ ਵਿੱਚ ਗੇਂਦਬਾਜ਼ਾਂ ਦੀ ਸੂਚੀ ’ਚ 15ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜੋ ਕਿ ਉਸ ਦੇ ਕਰੀਅਰ ਦੀ ਸਰਵੋਤਮ ਰੈਂਕਿੰਗ ਹੈ। ਸਿਰਾਜ ਨੇ ਮੈਚ ਵਿੱਚ ਨੌਂ ਵਿਕਟਾਂ ਲੈਣ ਤੋਂ ਬਾਅਦ 12 ਸਥਾਨਾਂ ਦੀ ਛਾਲ ਮਾਰੀ। ਉਸ ਨੇ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਲਈਆਂ, ਜਿਸ ਸਦਕਾ ਭਾਰਤ ਨੇ ਰੋਮਾਂਚਕ ਮੈਚ ਵਿੱਚ ਮੇਜ਼ਬਾਨ ਟੀਮ ਨੂੰ ਛੇ ਦੌੜਾਂ ਨਾਲ ਹਰਾ ਕੇ ਲੜੀ 2-2 ਨਾਲ ਡਰਾਅ ਕਰ ਦਿੱਤੀ। ਸਿਰਾਜ ਦੀ ਹੁਣ ਤੱਕ ਦੀ ਸਰਵੋਤਮ ਆਈਸੀਸੀ ਰੈਂਕਿੰਗ 16 ਸੀ, ਜੋ ਉਸ ਨੇ ਪਿਛਲੇ ਸਾਲ ਜਨਵਰੀ ਵਿੱਚ ਹਾਸਲ ਕੀਤੀ ਸੀ। ਭਾਰਤ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 889 ਅੰਕਾਂ ਨਾਲ ਸਿਖਰ ’ਤੇ ਬਰਕਰਾਰ ਹੈ। ਉਸ ਨੇ ਆਪਣੇ ਇੰਗਲੈਂਡ ਖ਼ਿਲਾਫ਼ ਸਿਰਫ ਤਿੰਨ ਟੈਸਟ ਮੈਚ ਖੇਡੇ। ਪ੍ਰਸਿਧ ਕ੍ਰਿਸ਼ਨਾ ਵੀ ਕਰੀਅਰ ਦੀ ਸਰਵੋਤਮ 59ਵੀਂ ਰੈਂਕਿੰਗ ’ਤੇ ਪਹੁੰਚ ਗਿਆ ਹੈ। ਉਸ ਨੇ ਦੋਵਾਂ ਪਾਰੀਆਂ ਵਿੱਚ ਚਾਰ ਵਿਕਟਾਂ ਲਈਆਂ ਸਨ। ਇਸ ਤਰ੍ਹਾਂ ਉਹ ਅਤੇ ਸਿਰਾਜ ਇੱਕ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ ਚਾਰ ਜਾਂ ਵੱਧ ਵਿਕਟਾਂ ਲੈਣ ਵਾਲੀ ਦੂਜੀ ਭਾਰਤੀ ਜੋੜੀ ਬਣ ਗਈ। ਇਸ ਤੋਂ ਪਹਿਲਾਂ ਸਪਿੰਨਰ ਬਿਸ਼ਨ ਸਿੰਘ ਬੇਦੀ ਅਤੇ ਏਰਾਪੱਲੀ ਪ੍ਰਸੰਨਾ ਨੇ 1969 ਵਿੱਚ ਦਿੱਲੀ ’ਚ ਆਸਟਰੇਲੀਆ ਖ਼ਿਲਾਫ਼ ਇਹ ਪ੍ਰਾਪਤੀ ਹਾਸਲ ਕੀਤੀ ਸੀ।

ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੀ ਓਵਲ ਵਿੱਚ ਲੜੀ ਦੇ ਆਪਣੇ ਦੂਜੇ ਸੈਂਕੜੇ ਤੋਂ ਬਾਅਦ ਟੈਸਟ ਬੱਲੇਬਾਜ਼ੀ ਰੈਂਕਿੰਗ ਵਿੱਚ ਸਿਖਰਲੇ ਪੰਜ ’ਚ ਵਾਪਸੀ ਹੋਈ ਹੈ। ਜੈਸਵਾਲ ਨੂੰ ਤਿੰਨ ਸਥਾਨਾਂ ਦਾ ਫਾਇਦਾ ਹੋਇਆ। ਉਸ ਦੇ 792 ਅੰਕ ਹਨ। ਉਸ ਤੋਂ ਇਲਾਵਾ ਰਿਸ਼ਭ ਪੰਤ ਵੀ ਸਿਖਰਲੇ 10 ਵਿੱਚ ਸ਼ਾਮਲ ਹੈ, ਹਾਲਾਂਕਿ ਉਹ ਇੱਕ ਸਥਾਨ ਹੇਠਾਂ ਅੱਠਵੇਂ ਸਥਾਨ ’ਤੇ ਖਿਸਕ ਗਿਆ ਹੈ। ਉਹ ਲੱਤ ਦੀ ਸੱਟ ਕਾਰਨ ਪੰਜਵਾਂ ਟੈਸਟ ਨਹੀਂ ਖੇਡ ਸਕਿਆ ਸੀ।

Advertisement

ਹੈਦਰਾਬਾਦ ਪੁੱਜਣ ’ਤੇ ਸਿਰਾਜ ਦਾ ਸ਼ਾਨਦਾਰ ਸਵਾਗਤ

ਹੈਦਰਾਬਾਦ: ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਅੱਜ ਉਸ ਦੇ ਜੱਦੀ ਸ਼ਹਿਰ ਹੈਦਰਾਬਾਦ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਸ ਨੇ ਭਾਰਤ ਦੀ ਹਾਲ ਹੀ ਵਿੱਚ ਇੰਗਲੈਂਡ ਖ਼ਿਲਾਫ਼ ਖ਼ਤਮ ਹੋਈ ਟੈਸਟ ਲੜੀ 2-2 ਨਾਲ ਡਰਾਅ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹੈਦਰਾਬਾਦ ਦਾ 31 ਸਾਲਾ ਖਿਡਾਰੀ ਸਿਰਾਜ ਫੀਲਡਿੰਗ ਕੋਚ ਟੀ. ਦਿਲੀਪ ਨਾਲ ਸਵੇਰੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਿਆ, ਜਿੱਥੇ ਪ੍ਰਸ਼ੰਸਕਾਂ ਨੇ ਦੋਹਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰਸ਼ੰਸਕਾਂ ਨੇ ਸਿਰਾਜ ਤੋਂ ਸੈਲਫੀ ਅਤੇ ਆਟੋਗ੍ਰਾਫ ਮੰਗੇ ਪਰ ਉਹ ਜਲਦੀ ਹੀ ਕਾਰ ਵਿੱਚ ਬੈਠ ਗਿਆ ਤੇ ਹੈਦਰਾਬਾਦ ਲਈ ਉਡਾਣ ਫੜਨ ਲਈ ਰਵਾਨਾ ਹੋ ਗਿਆ। ਹੈਦਰਾਬਾਦ ਵਿੱਚ ਪ੍ਰਸ਼ੰਸਕ ਪਹਿਲਾਂ ਹੀ ਉਸ ਦਾ ਸਵਾਗਤ ਕਰਨ ਲਈ ਤਿਆਰ ਸਨ। ਇਸ ਦੌਰਾਨ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀ ਨੇ ਦੱਸਿਆ, ‘ਅਸੀਂ ਹਾਲੇ ਤੱਕ ਉਸ ਨਾਲ ਗੱਲ ਨਹੀਂ ਕੀਤੀ।’ -ਪੀਟੀਆਈ

ਬੱਲੇਬਾਜ਼ਾਂ ਵਿੱਚ ਇੰਗਲੈਂਡ ਦੇ ਰੂਟ ਤੇ ਬਰੁੱਕ ਪਹਿਲੇ ਦੋ ਸਥਾਨਾਂ ’ਤੇ ਕਾਇਮ

ਇੰਗਲੈਂਡ ਦੇ ਬੱਲੇਬਾਜ਼ ਜੋਅ ਰੂਟ ਨੇ ਲਗਾਤਾਰ ਤੀਜਾ ਸੈਂਕੜਾ ਲਾ ਕੇ ਬੱਲੇਬਾਜ਼ੀ ਰੈਂਕਿੰਗ ਵਿੱਚ ਸਿਖਰ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ, ਜਦਕਿ ਹੈਰੀ ਬਰੁੱਕ ਮੁੜ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਉਸ ਨੇ ਓਵਲ ਵਿੱਚ ਦੂਜੀ ਪਾਰੀ ’ਚ 98 ਗੇਂਦਾਂ ’ਤੇ 111 ਦੌੜਾਂ ਬਣਾਈਆਂ ਸਨ। ਗੇਂਦਬਾਜ਼ੀ ਵਿੱਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਐਟਕਿਨਸਨ ਅਤੇ ਜੋਸ਼ ਟੰਗ ਨੇ ਵੀ ਮੈਚ ਵਿੱਚ ਅੱਠ-ਅੱਠ ਵਿਕਟਾਂ ਲੈ ਕੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ ਹੈ। ਐਟਕਿਨਸਨ ਪਹਿਲੀ ਵਾਰ ਸਿਖਰਲੇ 10 ਵਿੱਚ ਪਹੁੰਚਿਆ ਹੈ, ਜਦਕਿ ਟੰਗ 14 ਸਥਾਨ ਉੱਪਰ 46ਵੇਂ ਸਥਾਨ ’ਤੇ ਪਹੁੰਚ ਗਿਆ ਹੈ।

Advertisement