ਟੈਸਟ ਦਰਜਾਬੰਦੀ: ਪੰਤ ਕਰੀਅਰ ਦੇ ਸਰਵੋਤਮ ਸੱਤਵੇਂ ਸਥਾਨ ’ਤੇ
ਦੁਬਈ, 25 ਜੂਨ
ਭਾਰਤ ਦਾ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਲੀਡਜ਼ ਵਿੱਚ ਇੰਗਲੈਂਡ ਖ਼ਿਲਾਫ਼ ਲੜੀ ਦੇ ਪਹਿਲੇ ਟੈਸਟ ਵਿੱਚ ਦੋ ਸੈਂਕੜਿਆਂ ਸਦਕਾ ਅੱਜ ਜਾਰੀ ਤਾਜ਼ਾ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗ ’ਚ ਇੱਕ ਸਥਾਨ ਉਪਰ ਕਰੀਅਰ ਦੇ ਸਰਵੋਤਮ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਸੈਂਕੜਾ ਜੜਨ ਵਾਲਾ ਭਾਰਤੀ ਕਪਤਾਨ ਸ਼ੁਭਮਨ ਗਿੱਲ ਵੀ ਪੰਜ ਸਥਾਨ ਉਪਰ 20ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਬੀਤੇ ਦਿਨ ਇਸ ਮੈਚ ਦੇ ਆਖਰੀ ਦਿਨ ਭਾਰਤ ਨੂੰ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਤ ਇੱਕ ਹੀ ਟੈਸਟ ਵਿੱਚ ਦੋ ਸੈਂਕੜੇ ਜੜਨ ਵਾਲਾ ਸਿਰਫ ਦੂਜਾ ਵਿਕਟਕੀਪਰ ਹੈ। ਇਸ ਤੋਂ ਪਹਿਲਾਂ ਸਿਰਫ ਜ਼ਿੰਬਾਬਵੇ ਦੇ ਐਂਡੀ ਫਲਾਵਰ ਨੇ ਹੀ ਇਹ ਪ੍ਰਾਪਤੀ ਹਾਸਲ ਕੀਤੀ ਸੀ। ਪੰਤ ਨੇ ਲੀਡਜ਼ ਟੈਸਟ ਵਿੱਚ 134 ਅਤੇ 118 ਦੌੜਾਂ ਬਣਾਈਆਂ।
ਇੰਗਲੈਂਡ ਦੀ ਜਿੱਤ ਦੌਰਾਨ 62 ਅਤੇ 149 ਦੌੜਾਂ ਬਣਾਉਣ ਤੋਂ ਬਾਅਦ ‘ਮੈਨ ਆਫ ਦਿ ਮੈਚ’ ਚੁਣਿਆ ਗਿਆ ਬੈੱਨ ਡੱਕੇਟ ਪੰਜ ਸਥਾਨ ਉਪਰ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ। ਡੱਕੇਟ ਦਾ ਸਾਥੀ ਓਲੀ ਪੋਪ ਤਿੰਨ ਸਥਾਨ ਉੱਪਰ 19ਵੇਂ ਅਤੇ ਜੈਮੀ ਸਮਿਥ ਅੱਠ ਸਥਾਨ ਉੱਪਰ 27ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇੰਗਲੈਂਡ ਦਾ ਤਜਰਬੇਕਾਰ ਬੱਲੇਬਾਜ਼ ਜੋਅ ਰੂਟ ਦੁਨੀਆ ਦਾ ਨੰਬਰ ਇੱਕ ਟੈਸਟ ਬੱਲੇਬਾਜ਼ ਹੈ, ਜਦਕਿ ਇੰਗਲੈਂਡ ਦਾ ਹੀ ਹੈਰੀ ਬਰੂਕ ਦੂਜੇ ਸਥਾਨ ’ਤੇ ਹੈ।
ਗਾਲੇ ਵਿੱਚ ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਡਰਾਅ ਹੋਏ ਪਹਿਲੇ ਟੈਸਟ ਵਿੱਚ 163 ਦੌੜਾਂ ਬਣਾਉਣ ਵਾਲਾ ਬੰਗਲਾਦੇਸ਼ ਦਾ ਬੱਲੇਬਾਜ਼ ਮੁਸ਼ਫਿਕੁਰ ਰਹੀਮ 11 ਸਥਾਨ ਉਪਰ 28ਵੇਂ, ਜਦਕਿ ਨਜ਼ਮੁਲ ਹੁਸੈਨ ਸ਼ਾਂਤੋ ਦੋਵੇਂ ਪਾਰੀਆਂ ਵਿੱਚ ਆਪਣੇ ਸੈਂਕੜਿਆਂ ਦੀ ਬਦੌਲਤ 21 ਸਥਾਨ ਉਪਰ 29ਵੇਂ ਸਥਾਨ ’ਤੇ ਪਹੁੰਚ ਗਿਆ ਹੈ। -ਪੀਟੀਆਈ
ਗੇਂਦਬਾਜ਼ਾਂ ਵਿੱਚ ਬੁਮਰਾਹ ਸਿਖਰ ’ਤੇ ਬਰਕਰਾਰ
ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਬਹੁਤਾ ਬਦਲਾਅ ਨਹੀਂ ਆਇਆ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਹਿਲੇ ਟੈਸਟ ਦੀ ਪਹਿਲੀ ਪਾਰੀ ’ਚ ਪੰਜ ਵਿਕਟਾਂ ਲੈਣ ਤੋਂ ਬਾਅਦ ਸਿਖਰ ’ਤੇ ਬਰਕਰਾਰ ਹੈ।
ਪਹਿਲੇ ਟੈਸਟ ਵਿੱਚ ਬੱਲੇ ਅਤੇ ਗੇਂਦ ਦੋਵਾਂ ਨਾਲ ਪ੍ਰਭਾਵਿਤ ਕਰਨ ਵਾਲਾ ਇੰਗਲੈਂਡ ਦਾ ਕਪਤਾਨ ਬੈੱਨ ਸਟਾਕਸ ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਤਿੰਨ ਸਥਾਨ ਉੱਪਰ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ।