ਟੈਸਟ: ਨਿਊਜ਼ੀਲੈਂਡ ਨੇ ਜ਼ਿੰਬਾਬਵੇ ਨੂੰ ਪਾਰੀ ਤੇ 359 ਦੌੜਾਂ ਨਾਲ ਹਰਾਇਆ
ਨਿਊਜ਼ੀਲੈਂਡ ਨੇ ਅੱੱਜ ਇੱਥੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਜ਼ਿੰਬਾਬਵੇ ਨੂੰ ਪਾਰੀ ਅਤੇ 359 ਦੌੜਾਂ ਨਾਲ ਹਰਾ ਕੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਟੈਸਟ ਜਿੱਤ ਦਰਜ ਕੀਤੀ ਅਤੇ ਲੜੀ 2-0 ਨਾਲ ਜਿੱਤ ਲਈ ਹੈ। ਜ਼ਿੰਬਾਬਵੇ ਨੇ ਪਹਿਲੀ ਪਾਰੀ ਵਿੱਚ 125 ਦੌੜਾਂ ਬਣਾਈਆਂ ਸਨ।
ਨਿਊਜ਼ੀਲੈਂਡ ਨੇ ਤਿੰਨ ਵਿਕਟਾਂ ਦੇ ਨੁਕਸਾਨ ’ਤੇ 601 ਦੌੜਾਂ ਬਣਾਉਣ ਮਗਰੋਂ ਪਾਰੀ ਐਲਾਨ ਦਿੱਤੀ। ਇਸ ਤਰ੍ਹਾਂ ਮੇਜ਼ਬਾਨ ਟੀਮ 476 ਦੌੜਾਂ ਨਾਲ ਪੱਛੜ ਰਹੀ ਸੀ। ਜ਼ਿੰਬਾਬਵੇ ਦੀ ਦੂਜੀ ਪਾਰੀ ਤੀਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ 117 ਦੌੜਾਂ ’ਤੇ ਹੀ ਢਹਿ ਗਈ। ਨਿਊਜ਼ੀਲੈਂਡ ਲਈ ਪਹਿਲਾ ਟੈਸਟ ਖੇਡ ਰਹੇ ਤੇਜ਼ ਗੇਂਦਬਾਜ਼ ਜ਼ੈਕਰੀ ਫੌਲਕਸ ਨੇ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਲੈਣ ਤੋਂ ਬਾਅਦ ਦੂਜੀ ਪਾਰੀ ਵਿੱਚ 37 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਇਸ ਤੋਂ ਇਲਾਵਾ ਦੂਜੀ ਪਾਰੀ ਵਿੱਚ ਤੇਜ਼ ਗੇਂਦਬਾਜ਼ ਮੈਟ ਹੈਨਰੀ ਤੇ ਜੈਕਬ ਡਫੀ ਨੇ ਦੋ-ਦੋ ਅਤੇ ਮੈਥਿਊ ਫਿਸ਼ਰ ਨੇ ਇੱਕ ਵਿਕਟ ਲਈ। ਜ਼ਿੰਬਾਬਵੇ ਲਈ ਸਿਰਫ਼ ਦੋ ਬੱਲੇਬਾਜ਼ ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੇ। ਤੀਜੇ ਨੰਬਰ ਦੇ ਬੱਲੇਬਾਜ਼ ਨਿਕ ਵੇਲਚ 71 ਗੇਂਦਾਂ ’ਤੇ 47 ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਤੋਂ ਇਲਾਵਾ ਕਪਤਾਨ ਕ੍ਰੇਗ ਏਰਵਿਨ (17) ਦੋਹਰੇ ਅੰਕੜੇ ਤੱਕ ਪਹੁੰਚਣ ਵਾਲਾ ਦੂਜਾ ਬੱਲੇਬਾਜ਼ ਸੀ।
ਨਿਊਜ਼ੀਲੈਂਡ ਨੇ ਦੂਜੇ ਦਿਨ ਦੇ ਅੰਤ ਮਗਰੋਂ ਤਿੰਨ ਵਿਕਟਾਂ ’ਤੇ 601 ਦੌੜਾਂ ਦੇ ਵੱਡੇ ਸਕੋਰ ’ਤੇ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ ਸੀ। ਇਸ ਵਿੱਚ ਰਚਿਨ ਰਵਿੰਦਰਾ (ਨਾਬਾਦ 165) ਅਤੇ ਹੈਨਰੀ ਨਿਕੋਲਸ (ਨਾਬਾਦ 150) ਨੇ ਚੌਥੀ ਵਿਕਟ ਲਈ 256 ਦੌੜਾਂ ਦੀ ਭਾਈਵਾਲੀ ਕੀਤੀ। ਡੇਵੋਨ ਕਾਨਵੇਅ (153) ਨੇ ਵੀ ਦੋ ਸਾਲਾਂ ਤੋਂ ਵੱਧ ਸਮੇਂ ਬਾਅਦ ਆਪਣਾ ਪਹਿਲਾ ਟੈਸਟ ਸੈਂਕੜਾ ਜੜਿਆ। ਇਹ ਨਿਊਜ਼ੀਲੈਂਡ ਦਾ ਜ਼ਿੰਬਾਬਵੇ ਖ਼ਿਲਾਫ਼ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਨਿਊਜ਼ੀਲੈਂਡ ਦੀ ਟੈਸਟ ਮੈਚਾਂ ਵਿੱਚ ਪਿਛਲੀ ਸਭ ਤੋਂ ਵੱਡੀ ਜਿੱਤ ਵੀ 2012 ’ਚ ਜ਼ਿੰਬਾਬਵੇ ਖ਼ਿਲਾਫ਼ ਹੀ ਸੀ, ਜਦੋਂ ਉਸ ਨੇ ਨੇਪੀਅਰ ਵਿੱਚ ਪਾਰੀ ਅਤੇ 301 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਨਿਊਜ਼ੀਲੈਂਡ ਨੇ ਪਿਛਲੇ ਹਫ਼ਤੇ ਇਸੇ ਮੈਦਾਨ ’ਤੇ ਪਹਿਲਾ ਟੈਸਟ ਤਿੰਨ ਦਿਨਾਂ ਦੇ ਅੰਦਰ ਨੌਂ ਵਿਕਟਾਂ ਨਾਲ ਜਿੱਤਿਆ ਸੀ।